ਕਿਸਾਨਾਂ ਦਾ ਨਰਮਾ ਬੀਜਣ ਤੋਂ ਮੋਹ ਭੰਗ
ਮਾਨਸਾ-ਮਾਲਵਾ ਖੇਤਰ ਵਿੱਚ ਬੀਟੀ ਕਾਟਨ ਉਤੇ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੇ ਹੋ ਰਹੇ ਵਾਰ-ਵਾਰ ਹਮਲਿਆਂ ਤੋਂ ਅੱਕੇ ਹੋਏ ਕਿਸਾਨਾਂ ਵੱਲੋਂ ਨਰਮੇ ਹੇਠਾਂ ਵੱਡੀ ਪੱਧਰ ’ਤੇ ਰਕਬਾ ਘਟਾਉਣ ਕਾਰਨ ਹੁਣ ਕਪਾਹ ਪੱਟੀ ਦੀ ਹੋਂਦ ਨੂੰ ਖ਼ਤਰਾ ਖੜ੍ਹਾ ਹੋਣ ਲੱਗਿਆ ਹੈ। ਰਕਬਾ ਘਟਣ ਦੇ ਡਰੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਚਿੱਟੇ ਸੋਨੇ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਪਿੰਡਾਂ ਵਿੱਚ ਜਾ ਕੇ ਪ੍ਰੇਰਿਤ ਕੀਤਾ ਜਾਣ ਲੱਗਿਆ ਹੈ। ਭਾਵੇਂ ਪੰਜਾਬ ਸਰਕਾਰ ਨੇ 33 ਫੀਸਦੀ ਬੀਟੀ ਕਾਟਨ ਉਤੇ ਸਬਸਿਡੀ ਦੇਣ ਦਾ ਫੈਸਲਾ ਵੀ ਕੀਤਾ ਹੈ, ਇਸ ਦੇ ਬਾਵਜੂਦ ਕਿਸਾਨਾਂ ਦਾ ਨਰਮਾ ਬੀਜਣ ਲਈ ਮਨ ਨਹੀਂ ਬਣ ਰਿਹਾ। ਪੰਜਾਬ ਸਰਕਾਰ ਵੱਲੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਮੁੱਖ ਖੇਤੀਬਾੜੀ ਅਫ਼ਸਰਾਂ ਨੂੰ ਮਾਲਵਾ ਪੱਟੀ ਵਿੱਚ ਨਰਮੇ ਹੇਠ ਰਕਬੇ ਨੂੰ ਵਧਾਉਣ ਲਈ ਹੋਰ ਉਪਰਾਲੇ ਕਰਨ ਵਾਸਤੇ ਆਦੇਸ਼ ਜਾਰੀ ਕੀਤੇ ਗਏ ਹਨ।