ਬੰਗਾਲ ਦੇ ਰਾਜਪਾਲ ਅੱਜ ਕਰਨਗੇ ਮੁਰਸ਼ਿਦਾਬਾਦ ਦਾ ਦੌਰਾ
ਕੋਲਕਾਤਾ- ਪੱਛਮੀ ਬੰਗਾਲ ਦੇ ਰਾਜਪਾਲ ਸੀ ਵੀ ਆਨੰਦ ਬੋਸ ਤੇ ਕੌਮੀ ਮਹਿਲਾ ਕਮਿਸ਼ਨ ਦੀ ਟੀਮ ਅੱਜ ਪੱਛਮੀ ਬੰਗਾਲ ਦੇ ਹਿੰਸਾ ਪ੍ਰਭਾਵਿਤ ਖੇਤਰ ਮੁਰਸ਼ਿਦਾਬਾਦ ਦਾ ਦੌਰਾ ਕਰਨਗੇ। ਇਸ ਮੌਕੇ ਉਹ ਹਿੰਸਾ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਅਗਨੀਮਿੱਤਰਾ ਪੌਲ ਨੇ ਕਿਹਾ ਸੀ ਕਿ ਵਕਫ ਐਕਟ ਦੇ ਵਿਰੋਧ ਵਿਚ ਭੜਕੀ ਹਿੰਸਾ ਤੋਂ ਬਾਅਦ ਜੋ ਕੁਝ ਮੁਰਸ਼ਿਦਾਬਾਦ ਵਿਚ ਵਾਪਰਿਆ, ਉਹ ਅੱਖਾਂ ਖੋਲ੍ਹਣ ਵਾਲਾ ਸੀ, ਇਸ ਕਰਕੇ ਕੌਮੀ ਮਹਿਲਾ ਕਮਿਸ਼ਨ ਦੀ ਟੀਮ ਨੂੰ ਇਸ ਖੇਤਰ ਦਾ ਦੌਰਾ ਕਰ ਕੇ ਸਾਰੇ ਤੱਥ ਵਾਚਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੰਗਾਕਾਰੀਆਂ ਨੇ ਲੋਕਾਂ ਦੇ ਘਰ, ਦੁਕਾਨਾਂ ਤੇ ਮੰਦਰਾਂ ਨੂੰ ਅੱਗ ਲਾ ਦਿੱਤੀ, ਉਨ੍ਹਾਂ ਸਵਾਲ ਕੀਤਾ ਕਿ ਕੀ ਇਹ ਸੀਰੀਆ, ਪਾਕਿਸਤਾਨ ਜਾਂ ਅਫਗਾਨਿਸਤਾਨ ਤਾਂ ਨਹੀਂ। ਇਸ ਤੋਂ ਪਹਿਲਾਂ ਰਾਜਪਾਲ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰਦਿਆਂ ਹਿੰਸਾ ਪ੍ਰਭਾਵਿਤ ਮਾਲਦਾ ਦਾ ਦੌਰਾ ਕਰਦਿਆਂ ਦੰਗਾ ਪੀੜਤਾਂ ਦਾ ਹਾਲ ਚਾਲ ਪੁੱਛਿਆ ਸੀ। ਇਸ ਤੋਂ ਪਹਿਲਾਂ ਬੋਸ ਨੇ ਕਿਹਾ ਸੀਕਿ ਉਹ ਕੈਂਪਾਂ ’ਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਕਦਮ ਚੁੱਕਣਗੇ। ਵਕਫ਼ ਸੋਧ ਕਾਨੂੰਨ ਖ਼ਿਲਾਫ਼ 11 ਅਤੇ 12 ਅਪਰੈਲ ਨੂੰ ਹੋਏ ਪ੍ਰਦਰਸ਼ਨਾਂ ਦੌਰਾਨ ਮੁਰਸ਼ਿਦਾਬਾਦ ਦੇ ਸ਼ਮਸ਼ੇਰਗੰਜ, ਸੁਤੀ, ਧੂਲੀਆ ਅਤੇ ਜੰਗੀਪੁਰ ’ਚ ਫਿਰਕੂ ਝੜਪਾਂ ਹੋਈਆਂ ਸਨ ਜਿਸ ’ਚ ਤਿੰਨ ਵਿਅਕਤੀ ਮਾਰੇ ਗਏ ਸਨ। ਹਿੰਸਾ ਹੋਰ ਫੈਲਣ ਦੇ ਡਰ ਕਾਰਨ ਕਈ ਲੋਕ ਆਪਣਾ ਘਰ-ਬਾਰ ਛੱਡ ਕੇ ਮਾਲਦਾ ਚਲੇ ਗਏ ਸਨ।