Punjab

ਭਾਜਪਾ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਮੁਜ਼ਾਹਰੇ

ਚੰਡੀਗੜ੍ਹ-ਜਲੰਧਰ ਵਿੱਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਦੇ ਬਾਹਰ ਦੇਰ ਰਾਤ ਹੋਏ ਹਮਲੇ ਤੋਂ ਨਾਰਾਜ਼ ਭਾਜਪਾ ਆਗੂਆਂ ਨੇ ਅੱਜ ਸੂਬੇ ਭਰ ਵਿੱਚ ਮੁਜ਼ਾਹਰੇ ਕੀਤੇ ਹਨ। ਇਸ ਦੌਰਾਨ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਨੇ ਸੜਕਾਂ ’ਤੇ ਉੱਤਰ ਕੇ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਹਨ, ਪਰ ਸੂਬਾ ਸਰਕਾਰ ਵੱਖ-ਵੱਖ ਮੁਹਿੰਮਾਂ ਦੇ ਨਾਮ ’ਤੇ ਲੋਕਾਂ ਨੂੰ ਗੁਮਰਾਹ ਕਰਨ ਲੱਗੀ ਹੋਈ ਹੈ।

ਪੰਜਾਬ ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਹਮਲੇ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਾਲਾਤ ਬਿਲਕੁੱਲ ਉਲਟ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਪੁਲੀਸ ਥਾਣਿਆਂ ’ਤੇ ਹਮਲੇ ਹੁੰਦੇ ਰਹੇ। ਇਸ ਤੋਂ ਬਾਅਦ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਕੀਤੀ ਗਈ ਅਤੇ ਹੁਣ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰਾਂ ਦੇ ਬਾਹਰ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਸੂਬੇ ਦੇ ਲੋਕਾਂ ਵਿੱਚ ਡਰ ਪੈਦਾ ਕਰ ਰਹੇ ਹਨ ਜਦੋਂਕਿ ਸਮਾਜ ਵਿਰੋਧ ਅਨਸਰਾਂ ਦੇ ਹੌਸਲੇ ਵਧ ਰਹੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਕਾਲੀਆ ਦੇ ਘਰ ਅੱਗੇ ਨੌਜਵਾਨਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਬੰਬ ਨੁਮਾ ਵਸਤੂ ਸੁੱਟੀ ਗਈ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੰਜਾਬ ਵਿੱਚ ਗੈਂਗਸਟਰ ਤੇ ਗ਼ੈਰ-ਸਮਾਜਿਕ ਅਨਸਰ ਬਿਨਾਂ ਕਿਸੇ ਡਰ ਤੋਂ ਘੁੰਮ ਰਹੇ ਹਨ। ਸ੍ਰੀ ਜੋਸ਼ੀ ਨੇ ਮੰਗ ਕੀਤੀ ਕਿ ਸਰਕਾਰ ਅਜਿਹੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਕੋਈ ਠੋਸ ਕਦਮ ਚੁੱਕੇ।