ਧਰਨਾਕਾਰੀ ਕਿਸਾਨਾਂ ਨੂੰ ਘੇਰ ਕੇ ਜਬਰੀ ਹਿਰਾਸਤ ’ਚ ਲਿਆ
ਸੰਗਰੂਰ-ਸਥਾਨਕ ਡੀਸੀ ਦਫ਼ਤਰ ਅੱਗੇ ਸ਼ਾਂਤਮਈ ਰੋਸ ਧਰਨਾ ਦੇ ਰਹੇ ਕਿਸਾਨਾਂ ਨੂੰ ਦੋਵੇਂ ਪਾਸੇ ਤੋਂ ਘੇਰਨ ਮਗਰੋਂ ਪੁਲੀਸ ਨੇ ਜਬਰੀ ਹਿਰਾਸਤ ਵਿੱਚ ਲੈ ਲਿਆ। ਅੱਜ ਦੁਪਹਿਰੇ ਇੱਥੇ ਭਾਕਿਯੂ ਏਕਤਾ ਆਜ਼ਾਦ ਦੀ ਅਗਵਾਈ ਹੇਠ ਕਿਸਾਨ ਸ਼ੰਭੂ ਅਤੇ ਖਨੌਰੀ ਮੋਰਚਿਆਂ ਨੂੰ ਉਖਾੜਨ ਅਤੇ ਦੋਵੇਂ ਮੋਰਚਿਆਂ ਦੇ ਪ੍ਰਮੁੱਖ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਸਨ। ਰੋਸ ਧਰਨੇ ਨੂੰ ਦੋਵੇਂ ਪਾਸੇ ਤੋਂ ਪੁਲੀਸ ਨੇ ਘੇਰਾ ਪਾਇਆ ਹੋਇਆ ਸੀ। ਇੱਕ ਪਾਸੇ ਡੀਐੱਸਪੀ ਸੁਖਦੇਵ ਸਿੰਘ ਅਤੇ ਦੂਜੇ ਪਾਸੇ ਡੀਐੱਸਪੀ ਪ੍ਰਿਥਵੀ ਸਿੰਘ ਚਹਿਲ ਭਾਰੀ ਪੁਲੀਸ ਫੋਰਸ ਸਣੇ ਤਾਇਨਾਤ ਸੀ। ਜਿਉਂ ਹੀ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਸੋਮਾ ਨੇ ਭਾਸ਼ਣ ਖਤਮ ਕੀਤਾ ਤਾਂ ਪੁਲੀਸ ਉਨ੍ਹਾਂ ਨੂੰ ਜਬਰੀ ਧੂਹ ਕੇ ਲੈ ਗਈ। ਕਿਸਾਨ ਆਗੂਆਂ, ਬੀਬੀਆਂ, ਬਿਰਧ ਔਰਤਾਂ ਤੇ ਮਰਦਾਂ ਨੂੰ ਜਬਰੀ ਗੱਡੀਆਂ ਵਿੱਚ ਚੜ੍ਹਾਇਆ ਗਿਆ। ਹਿਰਾਸਤ ’ਚ ਲਏ ਕਿਸਾਨਾਂ ਨੂੰ ਵੱਖ-ਵੱਖ ਥਾਣਿਆਂ ’ਚ ਲਿਜਾਇਆ ਗਿਆ।
ਧਰਨੇ ’ਚ ਕਿਸਾਨ ਆਗੂ ਕੁਲਵਿੰਦਰ ਸਿੰਘ ਸੋਨੀ, ਰਾਜ ਸਿੰਘ ਖੇੜੀ, ਸੁਖਦੇਵ ਸ਼ਰਮਾ, ਸੰਤ ਰਾਮ ਛਾਜਲੀ, ਮੱਖਣ ਪਾਪੜਾ, ਗੁਰਪ੍ਰੀਤ ਸਿੰਘ ਕੁਲਾਰਾਂ, ਸੁਖਵਿੰਦਰ ਸਿੰਘ ਪੇਧਨੀ, ਮੱਖਣ ਸਿੰਘ ਚੀਮਾ ਅਤੇ ਬਲਜੀਤ ਕੌਰ ਕਿਲਾਭਰੀਆਂ ਆਦਿ ਸ਼ਾਮਲ ਸਨ।
ਉਧਰ, ਡੀਐੱਸਪੀ (ਆਰ) ਸੰਗਰੂਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਜਿਹੜੇ ਆਗੂ ਘਰਾਂ ਨੂੰ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਘਰ ਭੇਜ ਦਿੱਤਾ ਜਾਵੇਗਾ ਅਤੇ ਜਿਹੜੇ ਨਹੀਂ ਜਾਣਾ ਚਾਹੁੰਦੇ, ਉਨ੍ਹਾਂ ਬਾਰੇ ਅਗਲੀ ਕਾਰਵਾਈ ਸਬੰਧੀ ਵਿਚਾਰ ਕਰਕੇ ਫੈਸਲਾ ਲਿਆ ਜਾਵੇਗਾ।