Sports

ਆਈਪੀਐੱਲ: ਕੋਲਕਾਤਾ ਨੇ ਹੈਦਰਾਬਾਦ ਨੂੰ 80 ਦੌੜਾਂ ਨਾਲ ਹਰਾਇਆ

ਕੋਲਕਾਤਾ-ਰਘੂਵੰਸ਼ੀ ਤੇ ਵੈਂਕਟੇਸ਼ ਦੇ ਨੀਮ ਸੈਂਕੜਿਆਂ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ 80 ਦੌੜਾਂ ਨਾਲ ਹਰਾ ਦਿੱਤਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ’ਚ ਛੇ ਵਿਕਟਾਂ ’ਤੇ 200 ਦੌੜਾਂ ਬਣਾਈਆਂ ਤੇ ਫਿਰ ਹੈਦਰਾਬਾਦ ਨੂੰ 16.4 ਓਵਰਾਂ ’ਚ 120 ਦੌੜਾਂ ’ਤੇ ਆਊਟ ਕਰ ਦਿੱਤਾ।

ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਨੇ ਮਾੜੀ ਸ਼ੁਰੂਆਤ ਦੇ ਬਾਵਜੂਦ ਰਘੂਵੰਸ਼ੀ ਤੇ ਵੈਂਕਟੇਸ਼ ਦੇ ਨੀਮ ਸੈਂਕੜਿਆਂ ਸਦਕਾ 20 ਓਵਰਾਂ ’ਚ ਛੇ ਵਿਕਟਾਂ ’ਤੇ 200 ਦੌੜਾਂ ਬਣਾਈਆਂ। ਟੀਮ ਨੇ 16 ਦੌੜਾਂ ’ਤੇ ਹੀ ਦੋ ਵਿਕਟਾਂ ਗੁਆ ਦਿੱਤੀਆਂ ਜਦੋਂ ਸਲਾਮੀ ਬੱਲੇਬਾਜ਼ ਕੁਇੰਟਨ ਡੀਕਾਕ (1 ਦੌੜ) ਤੇ ਸੁਨੀਲ ਨਾਰਾਇਣ (7 ਦੌੜਾਂ) ਪੈਵੈਲੀਅਨ ਪਰਤ ਗਏ। ਹਾਲਾਂਕਿ ਕਪਤਾਨ ਅਜਿੰਕਯਾ ਰਹਾਣੇ ਤੇ ਅੰਗਕ੍ਰਿਸ਼ ਰਘੂਵੰਸ਼ੀ ਨੇ ਪਾਰੀ ਨੂੰ ਸੰਭਾਲਦਿਆਂ 81 ਦੌੜਾਂ ਦੀ ਭਾਈਵਾਲੀ ਕੀਤੀ। ਰਹਾਣੇ 38 ਦੌੜਾਂ ਅਤੇ ਰਘੂਵੰਸ਼ੀ 50 ਦੌੜਾਂ ਬਣਾ ਕੇ ਆਊਟ ਹੋਏ। ਵੈਂਕਟੇਸ਼ ਅਈਅਰ ਨੇ 60 ਦੌੜਾਂ ਦੀ ਪਾਰੀ ਖੇਡੀ। ਰਿੰਕੂ ਸਿੰਘ ਨੇ 17 ਗੇਂਦਾਂ ’ਤੇ ਨਾਬਾਦ 32 ਦੌੜਾਂ ਬਣਾਉਂਦਿਆਂ ਟੀਮ ਦਾ ਸਕੋਰ 200 ਤੱਕ ਪਹੁੰਚਾਇਆ। ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਮੁਹੰਮਦ ਸ਼ਮੀ, ਪੈਟ ਕਮਿਨਸ, ਜ਼ੀਸ਼ਾਨ ਅੰਸਾਰੀ, ਹਰਸ਼ਲ ਪਟੇਲ ਤੇ ਕਮਿੰਦੂ ਮੈਂਡਿਸ ਨੇ ਇੱਕ-ਇੱਕ ਵਿਕਟ ਹਾਸਲ ਕੀਤੀ।

ਜਿੱਤ ਲਈ 201 ਦੌੜਾਂ ਦਾ ਟੀਚਾ ਹਾਸਲ ਕਰਨ ਉੱਤਰੀ ਹੈਦਰਾਬਾਦ ਟੀਮ ਦੀ ਸ਼ੁਰੂਆਤ ਬੇਹੱਦ ਮਾੜੀ ਰਹੀ ਤੇ ਪਹਿਲੇ ਤਿੰਨ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਨਾ ਛੂਹ ਸਕੇ। ਟੀਮ ਵੱਲੋਂ ਹੈਨਰਿਕ ਕਲਾਸਨ ਨੇ ਸਭ ਤੋਂ ਵੱਧ 33 ਦੌੜਾਂ ਬਣਾਈਆਂ ਜਦਕਿ ਕਮਿੰਦੂ ਮੈਂਡਿਸ 27, ਐੱਨ.ਕੇ. ਰੈੱਡੀ 19 ਤੇ ਪੈਟ ਕਮਿਨਸ 14 ਦੌੜਾਂ ਬਣਾ ਕੇ ਆਊਟ ਹੋਏ। ਕੋਲਕਾਤਾ ਵੱਲੋਂ ਵੈਭਵ ਅਰੋੜਾ ਤੇ ਵਰੁਣ ਚਕਰਵਰਤੀ ਨੇ ਤਿੰਨ-ਤਿੰਨ ਵਿਕਟਾਂ ਤੇ ਆਂਦਰੇ ਰਸਲ ਨੇ ਦੋ ਵਿਕਟਾਂ ਲਈਆਂ। ਹਰਸ਼ਿਤ ਰਾਣਾ ਤੇ ਸੁਨੀਲ ਨਾਰਾਇਣ ਨੂੰ ਇੱਕ ਵਿਕਟ ਮਿਲੀ।