Sports

ਭਾਰਤੀ ਟੀਮ ਦੇ ਕੋਚ ਗੌਤਮ ਗੰਭੀਰ ਨੂੰ ਜਾਨੋਂ ਮਾਰਨ ਦੀ ਧਮਕੀ

ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਤੇ ਸਾਬਕਾ ਭਾਜਪਾ ਐੱਮਪੀ ਗੌਤਮ ਗੰਭੀਰ ਨੂੰ ਇਕ ਈਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੂਤਰਾਂ ਨੇ ਕਿਹਾ ਕਿ ਗੰਭੀਰ ਨੂੰ ਦੋ ਧਮਕੀ ਭਰੇ ਈਮੇਲ ਮਿਲੇ ਹਨ ਤੇ ਸਾਬਕਾ ਕ੍ਰਿਕਟਰ ਨੇ ਦਿੱਲੀ ਦੇ ਰਾਜਿੰਦਰ ਨਗਰ ਪੁਲੀਸ ਥਾਣੇ ਵਿਚ ਇਸ ਸਬੰਧੀ ਸ਼ਿਕਾਇਤ ਵੀ ਦਰਜ ਕੀਤੀ ਹੈ।

ਪੁਲੀਸ ਵਿਚਲੇ ਸੂਤਰ ਨੇ ਕਿਹਾ, ‘‘ਅਸੀਂ ਇਸ ਮਾਮਲੇ ਦੀ ਜਾਂਚ ਵਿੱਢ ਦਿੱਤੀ ਹੈ।’’ ਜਾਣਕਾਰੀ ਅਨੁਸਾਰ ਗੌਤਮ ਗੰਭੀਰ ਨੂੰ ਜੀਮੇਲ ਖਾਤੇ ਰਾਹੀਂ ਜਾਨੋਂ ਮਾਰਨ ਦੀ ਧਮਕੀ 22 ਅਪਰੈਲ ਨੂੰ ਮਿਲੀ ਸੀ ਤੇ ਇਸੇ ਦਿਨ ਤਿੰਨ ਦਹਿਸ਼ਤਗਰਦਾਂ ਨੇ ਕਸ਼ਮੀਰ ਦੇ ਪਹਿਲਗਾਮ ਵਿਚ 26 ਵਿਅਕਤੀਆਂ, ਜਿਨ੍ਹਾਂ ਵਿਚੋਂ ਬਹੁਤੇ ਸੈਲਾਨੀ ਸਨ, ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਂਝ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੰਭੀਰ ਨੂੰ ਧਮਕੀ ਦਿੱਤੀ ਗਈ ਹੈ। ਸਾਲ 2022 ਵਿੱਚ ਵੀ ਸਾਬਕਾ ਕ੍ਰਿਕਟਰ ਨੂੰ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਕਾਰਨ ਅਧਿਕਾਰੀਆਂ ਨੇ ਗੌਤਰ ਗੰਭੀਰ ਦੀ ਸੁਰੱਖਿਆ ਵਧਾ ਦਿੱਤੀ ਸੀ।