Global

ਇਜ਼ਰਾਇਲੀ ਹਵਾਈ ਹਮਲਿਆਂ ’ਚ ਘੱਟੋ-ਘੱਟ 55 ਫ਼ਲਸਤੀਨੀ ਹਲਾਕ

ਦੀਰ ਅਲ-ਬਲਾਹ-ਇਜ਼ਰਾਈਲ ਵੱਲੋਂ ਸਾਰੀ ਰਾਤ ਕੀਤੇ ਹਮਲਿਆਂ ਵਿੱਚ ਗਾਜ਼ਾ ਪੱਟੀ ’ਚ ਘੱਟੋ-ਘੱਟ 55 ਵਿਅਕਤੀਆਂ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਹਮਲੇ ਤੋਂ ਇਕ ਦਿਨ ਪਹਿਲਾਂ ਹੀ ਇਜ਼ਰਾਈਲ ਦੀ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਗਾਜ਼ਾ ਦੇ ਵੱਡੇ ਖੇਤਰ ’ਤੇ ਕਬਜ਼ਾ ਕਰ ਲਵੇਗਾ। ਉੱਧਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੀਤੇ ਦਿਨ ਕਿਹਾ ਸੀ ਕਿ ਇਜ਼ਰਾਈਲ ਫਲਸਤੀਨੀ ਖੇਤਰ ਵਿੱਚ ਨਵਾਂ ਸੁਰੱਖਿਆ ਲਾਂਘਾ ਸਥਾਪਤ ਕਰੇਗਾ।

ਇਜ਼ਰਾਈਲ ਨੇ ਹਮਾਸ ਨਾਲ ਲਗਪਗ 18 ਮਹੀਨੇ ਤੋਂ ਚੱਲ ਰਹੀ ਜੰਗ ਨੂੰ ਉਦੋਂ ਤੱਕ ਜਾਰੀ ਰੱਖਣ ਦੀ ਸਹੁੰ ਚੁੱਕੀ ਹੈ ਜਦੋਂ ਤੱਕ ਕਿ ਅਤਿਵਾਦੀ ਜਥੇਬੰਦੀਆਂ ਬਾਕੀ ਦਰਜਨਾਂ ਬੰਧਕਾਂ ਨੂੰ ਛੱਡ ਨਹੀਂ ਕਰ ਦਿੰਦੀਆਂ, ਹਥਿਆਰ ਨਹੀਂ ਸੁੱਟ ਦਿੰਦੀਆਂ ਅਤੇ ਖੇਤਰ ਨਹੀਂ ਛੱਡ ਦਿੰਦੀਆਂ। ਇਜ਼ਰਾਈਲ ਨੇ ਭੋਜਨ, ਬਾਲਣ ਅਤੇ ਮਨੁੱਖੀ ਸਹਾਇਤਾ ਦੀਆਂ ਸਾਰੀਆਂ ਦਰਾਮਦਾਂ ’ਤੇ ਮਹੀਨੇ ਵਾਸਤੇ ਰੋਕ ਲਗਾ ਦਿੱਤੀ ਹੈ। ਇਸ ਨਾਲ ਸਪਲਾਈ ਘੱਟ ਹੋਣ ਕਰ ਕੇ ਨਾਗਰਿਕਾਂ ਨੂੰ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਗਾਜ਼ਾ ਪੱਟੀ ਦੇ ਦੱਖਣੀ ਹਿੱਸੇ ਵਿੱਚ ਸਥਿਤ ਖਾਨ ਯੂਨਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ 14 ਵਿਅਕਤੀਆਂ ਦੀਆਂ ਲਾਸ਼ਾਂ ਨਾਸੇਰ ਹਸਪਤਾਲ ਲਿਜਾਈਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਨੌਂ ਮ੍ਰਿਤਕ ਇੱਕੋ ਪਰਿਵਾਰ ਦੇ ਲੋਕ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਪੰਜ ਬੱਚੇ ਅਤੇ ਚਾਰ ਔਰਤਾਂ ਵੀ ਸ਼ਾਮਲ ਹਨ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਮਲਿਆਂ ਤੋਂ ਬਾਅਦ ਬੱਚਿਆਂ ਅਤੇ ਔਰਤਾਂ ਸਣੇ 19 ਵਿਅਕਤੀਆਂ ਦੀਆਂ ਲਾਸ਼ਾਂ ਖਾਨ ਯੂਨਿਸ ਸਥਿਤ ਇਕ ਹਸਪਤਾਲ ਵਿੱਚ ਲਿਜਾਈਆਂ ਗਈਆਂ ਹਨ। ਉੱਧਰ, ਗਾਜ਼ਾ ਪੱਟੀ ਸਥਿਤ ਅਹਿਲੀ ਹਸਪਤਾਲ ਵਿੱਚ ਸੱਤ ਬੱਚਿਆਂ ਸਣੇ 21 ਵਿਅਕਤੀਆਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੀਤੇ ਦਿਨ ਕਿਹਾ ਸੀ ਕਿ ਇਜ਼ਰਾਈਲ ਗਾਜ਼ਾ ਵਿੱਚ ਇਕ ਨਵਾਂ ਸੁਰੱਖਿਆ ਲਾਂਘਾ ਸਥਾਪਤ ਕਰ ਰਿਹਾ ਹੈ।