Punjab

ਕੱਚੇ ਮੁਲਾਜ਼ਮ 7 ਤੋਂ ਕਰਨਗੇ ਚੱਕਾ ਜਾਮ,

ਜਲੰਧਰ – ਪੰਜਾਬ ਰੋਡਵੇਜ਼/ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਨੇ ਮੰਗਾਂ ਨੂੰ ਲੈ ਕੇ ਪ੍ਰੈੱਸ ਕਲੱਬ ਜਲੰਧਰ ’ਚ ਪ੍ਰੈੱਸ ਕਾਨਫਰੰਸ ਕੀਤੀ। ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੂਜੀਆਂ ਸਰਕਾਰਾਂ ਵਾਂਗ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਵਾਰ-ਵਾਰ ਮੀਟਿੰਗਾ ’ਚ ਮੰਗਾਂ ਨੂੰ ਮੰਨ ਕੇ ਲਾਗੂ ਨਾ ਕਰ ਕੇ ਕੱਚੇ ਮੁਲਾਜ਼ਮਾਂ ਨੂੰ ਵਾਰ-ਵਾਰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 1 ਜੁਲਾਈ 2024 ਨੂੰ ਜੱਥੇਬੰਦੀ ਨਾਲ ਜਲੰਧਰ ’ਚ ਮੀਟਿੰਗ ਕੀਤੀ ਸੀ, ਜਿਸ ’ਚ ਮੁੱਖ ਮੰਤਰੀ ਪੰਜਾਬ ਨੇ ਸਾਰੀਆਂ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ। ਟਰਾਂਸਪੋਰਟ ਦੀ ਵੱਖਰੀ ਪਾਲਸੀ ਤਹਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ। ਜਿਨ੍ਹਾਂ ਸਦਕਾਂ ਜੱਥੇਬੰਦੀ ਦੇ ਆਗੂਆਂ ਸਮੇਤ ਸਰਕਾਰ ਵੱਲੋਂ ਕਮੇਟੀ ਗਠਿਤ ਕੀਤੀ ਗਈ ਸੀ ਪਰ ਮੈਨੇਜਮੈਂਟ ਦੇ ਅਧਿਕਾਰੀਆਂ ਦੀ ਨੀਅਤ ’ਚ ਫਰਕ ਹੈ ਜਾਂ ਫਿਰ ਸਰਕਾਰ ਮੰਗਾਂ ਦਾ ਹੱਲ ਨਹੀਂ ਕਰਨਾ ਚਾਹੁੰਦੀ। ਲਗਪਗ 9 ਮਹੀਨੇ ਬੀਤ ਚੁੱਕੇ ਹਨ ਤੇ ਮਨੇਜਮੈਂਟ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ’ਤੇ ਇਕ ਵੀ ਸ਼ਬਦ ਨਹੀਂ ਲਿਖਿਆ, ਸਿਰਫ ਮੀਟਿੰਗ ’ਚ ਗੱਲਾਂ ਨਾਲ ਸਮਾਂ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਾਣ ਬੁੱਝ ਕੇ ਮੰਗਾਂ ਨੂੰ ਉਲਝਾਇਆ ਜਾਦਾ ਹੈ, ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਵਿਚਕਾਰ ਹੀ ਲੰਮਕਦੀਆਂ ਛੱਡਿਆ ਜਾ ਰਿਹਾ ਹੈ। ਹਰ ਵਾਰ ਮੀਟਿੰਗ ’ਚ ਇਸ ਤਰ੍ਹਾਂ ਹੀ ਹੁੰਦਾ ਹੈ, ਜਿਸ ਕਾਰਨ ਮੁਲਾਜ਼ਮਾਂ ’ਚ ਰੋਸ ਵੱਧ ਰਿਹਾ ਹੈ, ਜਿਸ ਕਾਰਨ ਜੱਥੇਬੰਦੀ ਵੱਲੋਂ ਵਾਰ-ਵਾਰ ਸੰਘਰਸ਼ ਉਲੀਕੇ ਜਾਂਦੇ ਹਨ ਤੇ ਭਰੋਸਾ ਮਿਲਣ ਤੇ ਸੰਘਰਸ਼ ਨੂੰ ਅੱਗੇ ਪਾਇਆ ਜਾਂਦਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਹੱਲ ਨਾ ਕੀਤਾ ਜੱਥੇਬੰਦੀ ਨੂੰ ਤਿੱਖਾ ਸੰਘਰਸ਼ ਕਰਨਾ ਪਵੇਗਾ। ਸੂਬਾ ਜਰਨਲ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੱਤਾ ’ਚ ਆਉਣ ਤੋਂ ਪਹਿਲਾ ਪੰਜਾਬ ਨੂੰ ਬਚਾਉਣ ਦੀ ਗੱਲ ਕਹੀ ਸੀ ਤੇ ਬਦਲਾਅ ਲਿਆਉਣ ਦੀ ਗੱਲ ਕਹੀ ਸੀ। ਵਿਭਾਗਾਂ ’ਚ ਕੰਮ ਕਰ ਰਹੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਤਾਂ ਕੀ ਕਰਨਾ ਸੀ ਸਗੋਂ ਸਰਕਾਰੀ ਵਿਭਾਗ ਦਾ ਨਿੱਜੀਕਰਨ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਰੋਡਵੇਜ਼ ਤੇ ਪੀਆਰਟੀਸੀ ’ਚ ਬੱਸਾਂ ਪਾਉਣ ਦੀ ਜਗ੍ਹਾ ਕਿਲੋਮੀਟਰ ਸਕੀਮ ਤਹਿਤ ਬੱਸਾ ਪਾ ਕੇ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਤੇ ਨਿੱਜੀ ਕੰਪਨੀਆਂ ਨੂੰ ਫਾਇਦਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਕ ਕਿਲੋਮੀਟਰ ਸਕੀਮ ਵਾਲੀ ਬੱਸ 5 ਸਾਲਾਂ ’ਚ ਕਰੀਬ ਇਕ ਕਰੋੜ ਰੁਪਏ ਲੈ ਜਾਂਦੀ ਹੈ, ਇਸ ਨਾਲ ਮਹਿਕਮੇ ਨੂੰ ਵੱਡਾ ਨੁਕਸਾਨ ਹੁੰਦਾ ਹੈ ਜੋ ਪਿਛਲੀਆਂ ਸਰਕਾਰਾਂ ਸਮੇਂ ਕਿਲੋਮੀਟਰ ਸਕੀਮ ਤਹਿਤ ਭਵਿੱਖ ’ਚ ਬੱਸਾਂ ਨਾ ਪਾਉਣ ਵਰਗੇ ਫੈਸਲੇ ਹੋਏ ਹਨ। ਯੂਨੀਅਨ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਜਥੇਬੰਦੀ ਦੀਆਂ ਸਮੁੱਚੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ 3 ਅਪ੍ਰੈਲ ਨੂੰ ਪੰਜਾਬ ਦੇ ਸਮੂਹ ਬੱਸ ਸਟੈਂਡ ਬੰਦ ਕਰ ਕੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਮੁਲਾਜ਼ਮਾਂ, ਬੇਰੁਜ਼ਗਾਰ, ਕਿਸਾਨ ਤੇ ਪੰਜਾਬ ਮਾਰੂ ਬਜਟ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ। ਜੇਕਰ ਸਰਕਾਰ ਨੇ ਫੇਰ ਵੀ ਹੱਲ ਨਾ ਕੱਢਿਆ ਤਾਂ 7-8-9 ਅਪ੍ਰੈਲ ਨੂੰ ਪੂਰੇ ਪੰਜਾਬ ਅੰਦਰ ਬੱਸਾਂ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਤੇ ਧਰਨੇ-ਪ੍ਰਦਰਸ਼ਨ ਕਰਨ ਲਈ ਮੁਹਾਲੀ ਬੱਸ ਸਟੈਂਡ ਵਿਖੇ ਪੰਜਾਬ ਦੀ ਸਮੂਹ ਭਰਾਤਰੀ ਜਥੇਬੰਦੀਆਂ ਸਮੇਤ ਪ੍ਰੋਗਰਾਮ ਕੀਤੇ ਜਾਣਗੇ, ਜਿਸ ਦੀ ਜਿੰਮੇਦਾਰ ਪੰਜਾਬ ਸਰਕਾਰ, ਟਰਾਂਸਪੋਰਟ ਵਿਭਾਗ ਦੀ ਅਫ਼ਸਰਸ਼ਾਹੀ ਹੋਵੇਗੀ। ਇਸ ਮੌਕੇ ਸੀਨੀਅਰ ਮੀਤ ਪ੍ਧਾਨ ਹਰਕੇਸ਼ ਕੁਮਾਰ, ਗੁਰਪ੍ਰੀਤ ਸਿੰਘ ਪੰਨੂ, ਚੈਅਰਮੈਨ ਬਲਵਿੰਦਰ ਸਿੰਘ ਰਾਠ, ਜੁਆਇੰਟ ਸਕੱਤਰ ਜਗਤਾਰ ਸਿੰਘ, ਜੋਧ ਸਿੰਘ, ਜਲੋਰ ਸਿੰਘ, ਬਲਜਿੰਦਰ ਸਿੰਘ ਬਰਾੜ, ਉਡੀਕ ਚੰਦ, ਜਗਦੀਪ ਸਿੰਘ, ਬਲਜੀਤ ਸਿੰਘ, ਚਾਨਣ ਸਿੰਘ, ਰਮਿੰਦਰ ਸਿੰਘ ਸ਼ਾਮਿਲ ਸਨ ਸਮੂਹ ਆਗੂਆਂ ਵੱਲੋਂ ਸੰਘਰਸ਼ਾਂ ਨੂੰ ਹਮਾਇਤ ਦੇਣ ਵਾਲੀਆਂ ਜੱਥੇਬੰਦੀਆਂ ਦਾ ਸਵਾਗਤ ਕੀਤਾ ਗਿਆ ਤੇ ਸੰਘਰਸ਼ਾਂ ’ਚ ਇਕੱਠੇ ਹੋਣ ਦੀ ਅਪੀਲ ਕੀਤੀ ਗਈ।