Global

ਮਿਆਂਮਾਰ ’ਚ ਭੂਚਾਲ ਕਾਰਨ ਮ੍ਰਿਤਕਾਂ ਦੀ ਗਿਣਤੀ 1,600 ਤੋਂ ਟੱਪੀ

ਬੈਂਕਾਕ/ਨਵੀਂ ਦਿੱਲੀ-ਮਿਆਂਮਾਰ ’ਚ ਲੰਘੇ ਦਿਨ ਆਏ 7.7 ਸ਼ਿੱਦਤ ਵਾਲੇ ਭੂਚਾਲ ਕਾਰਨ ਨੁਕਸਾਨੀਆਂ ਇਮਾਰਤਾਂ ਦੇ ਮਲਬੇ ਹੇਠੋਂ ਹੋਰ ਲਾਸ਼ਾਂ ਮਿਲਣ ਨਾਲ ਮ੍ਰਿਤਕਾਂ ਗਿਣਤੀ ਅੱਜ 1600 ਤੋਂ ਟੱਪ ਗਈ ਹੈ। ਦੇਸ਼ ’ਚ ਫੌਜ ਦੀ ਅਗਵਾਈ ਵਾਲੀ ਸਰਕਾਰ ਨੇ ਬਿਆਨ ’ਚ ਕਿਹਾ ਕਿ ਭੂਚਾਲ ਕਾਰਨ ਹੁਣ ਤੱਕ 1,644 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3,406 ਜਣੇ ਜ਼ਖਮੀ ਹੋਏ ਹਨ ਜਦਕਿ 139 ਲਾਪਤਾ ਹਨ। ਬਿਆਨ ਮੁਤਾਬਕ ਮ੍ਰਿਤਕਾਂ ਦਾ ਅੰਕੜਾ ਵਧਣ ਦਾ ਖ਼ਦਸ਼ਾ ਹੈ ਤੇ ਭੂਚਾਲ ਨਾਲ ਸਬੰਧਤ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।

ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਿਆਂਮਾਰ ਦੀ ਮਿਲਟਰੀ ਦੀ ਅਗਵਾਈ ਵਾਲੀ ‘ਜੁੰਟਾ’ ਸਰਕਾਰ ਦੇ ਮੁਖੀ ਮਿਨ ਆਂਗ ਹਲੇਂਗ ਨਾਲ ਗੱਲ ਕਰਕੇ ਭੂਚਾਲ ਕਾਰਨ ਹੋਏ ਨੁਕਸਾਨ ਲਈ ਹਮਦਰਦੀ ਜਤਾਈ ਅਤੇ ਔਖੇ ਸਮੇ ’ਚ ਉਨ੍ਹਾਂ ਨਾਲ ਖੜ੍ਹਨ ਦਾ ਭਰੋਸਾ ਦਿੱਤਾ। ਜਦਕਿ ਤਿੱਬਤ ਦੇ ਧਾਰਮਿਕ ਆਗੂ ਦਲਾਈ ਲਾਮਾ ਨੇ ਮਿਆਂਮਾਰ ’ਚ ਭੂਚਾਲ ਕਾਰਨ ਮੌਤਾਂ ’ਤੇ ਦੁੱਖ ਦਾ ਇਜ਼ਹਾਰ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਹੈ।