ਮਿਆਂਮਾਰ ’ਚ ਭੂਚਾਲ: ਆਪਣਿਆਂ ਦੀ ਭਾਲ ’ਚ ਜੁਟੇ ਲੋਕ
ਮਾਂਡਲੇ (ਮਿਆਂਮਾਰ)-ਮਿਆਂਮਾਰ ’ਚ ਸ਼ੁੱਕਰਵਾਰ ਨੂੰ 7.7 ਦੀ ਸ਼ਿੱਦਤ ਨਾਲ ਆਏ ਭੂਚਾਲ ਮਗਰੋਂ ਜਿੱਥੇ ਹਰ ਪਾਸੇ ਤਬਾਹੀ ਦਾ ਮੰਜ਼ਰ ਹੈ, ਉੱਥੇ ਮੁਲਕ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮਾਂਡਲੇ ’ਚ ਹੁਣ ਲਾਸ਼ਾਂ ਦੀ ਸੜਾਂਦ ਵੀ ਆਉਣ ਲੱਗੀ ਹੈ ਤੇ ਮਹਾਮਾਰੀ ਫੈਲਣ ਦਾ ਖ਼ਤਰਾ ਹੈ। ਸਥਾਨਕ ਲੋਕਾਂ ਵੱਲੋਂ ਆਪਣਿਆਂ ਦੇ ਜ਼ਿੰਦਾ ਹੋਣ ਦੀ ਭਾਲ ’ਚ ਹੱਥਾਂ ਤੇ ਸਧਾਰਨ ਔਜ਼ਾਰਾਂ ਨਾਲ ਮਲਬਾ ਹਟਾਇਆ ਜਾ ਰਿਹਾ ਹੈ। ਇਸ ਦੌਰਾਨ ਰਾਹਤ ਕਾਰਜਾਂ ’ਚ ਮਲਬੇ ਨਾਲ ਭਰੀਆਂ ਸੜਕਾਂ, ਟੁੱਟ ਚੁੱਕੇ ਪੁਲਾਂ ਤੇ ਸੰਚਾਰ ਸਾਧਨਾਂ ਦੀ ਘਾਟ ਕਾਰਨ ਰੁਕਾਵਟ ਆ ਰਹੀ ਹੈ। ਇਸ ਦੌਰਾਨ ਅੱਜ ਦੁਪਹਿਰ ਸਮੇਂ ਸ਼ਹਿਰ ’ਚ ਮੁੜ 5.1 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਲੋਕ ਮੁੜ ਘਬਰਾ ਗਏ। ਸ਼ਹਿਰ ਦੇ 15 ਲੱਖ ਲੋਕਾਂ ਨੇ ਬੀਤੀ ਰਾਤ ਸੜਕਾਂ ’ਤੇ ਹੀ ਕੱਟੀ। ਕੈਥੋਲਿਕ ਰਿਲੀਫ਼ ਸਰਵਿਸਿਜ਼ ਦੀ ਮੈਨੇਜਰ ਕੈਰਾ ਬਰੈਗ ਨੇ ਦੱਸਿਆ ਕਿ ਹੁਣ ਤੱਕ ਮਿਆਂਮਾਰ ਵਿੱਚ 1,644 ਲੋਕਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 3,408 ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਦੌਰਾਨ ਚੀਨ ਤੋਂ ਪੁੱਜੀ ਰਾਹਤ ਟੀਮ ਨੇ 40 ਘੰਟਿਆਂ ਤੋਂ ਮਲਬੇ ਹੇਠ ਦੱਬੇ ਬਜ਼ੁਰਗ ਨੂੰ ਬਚਾਇਆ। ਮੁਲਕ ਦੇ ਵਿਦੇਸ਼ ਮੰਤਰਾਲੇ ਮੁਤਾਬਕ ਮਿਆਂਮਾਰ ’ਚ ਦੂਜੇ ਮੁਲਕਾਂ ਤੋਂ ਰਾਹਤ ਪੁੱਜਣੀ ਸ਼ੁਰੂ ਹੋ ਗਈ ਹੈ, ਜਿਨ੍ਹਾਂ ’ਚ ਭਾਰਤ, ਚੀਨ, ਰੂਸ, ਸਿੰਗਾਪੁਰ ਤੇ ਥਾਈਲੈਂਡ ਸ਼ਾਮਲ ਹਨ। ਭੂਚਾਲ ਕਾਰਨ ਥਾਈਲੈਂਡ ਵਿੱਚ ਹੁਣ ਤੱਕ 17 ਲੋਕ ਮਾਰੇ ਜਾ ਚੁੱਕੇ ਹਨ।