ਗਊਆਂ ਦਾ ਚਾਰਾ ਚਰਦੇ ਲੋਕ ਭਲਾਈ ਬਾਰੇ ਨਹੀਂ ਸੋਚ ਸਕਦੇ: ਸ਼ਾਹ
ਗੋਪਾਲਗੰਜ/ਪਟਨਾ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ’ਤੇ ਸਿੱਧਾ ਹਮਲਾ ਕਰਦਿਆਂ ਅੱਜ ਕਿਹਾ ਕਿ ‘ਜੋ ਲੋਕ ਗਊਆਂ ਦਾ ਚਾਰਾ ਚਰਦੇ ਹਨ, ਉਹ ਬਿਹਾਰ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ।’
ਗੋਪਾਲਗੰਜ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਕੇਂਦਰ ਤੇ ਬਿਹਾਰ ਦੋਵੇਂ ਥਾਵਾਂ ’ਤੇ ਐੱਨਡੀਏ ਦੀਆਂ ਸਰਕਾਰਾਂ ਸੂਬੇ ਦੇ ਮੁਕੰਮਲ ਵਿਕਾਸ ਲਈ ਕੰਮ ਕਰ ਰਹੀਆਂ ਹਨ। ਜੋ ਲੋਕ ਜਾਨਵਰਾਂ ਦਾ ਚਾਰਾ ਚਰਦੇ ਹਨ, ਉਹ ਸੂਬੇ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ। ਲਾਲੂ ਜੀ ਅਲਕਤਰਾ ਘੁਟਾਲਾ, ਹੜ੍ਹ ਰਾਹਤ ਸਮੱਗਰੀ ਸਪਲਾਈ ਘੁਟਾਲਾ, ਚਰਵਾਹਾ ਵਿਦਿਆਲਾ ਘੁਟਾਲਾ ’ਚ ਸ਼ਾਮਲ ਸਨ। ਉਨ੍ਹਾਂ ਗਊਆਂ ਦਾ ਚਾਰਾ ਵੀ ਚਰਿਆ।’ ਮੰਤਰੀ ਨੇ ਦੋਸ਼ ਲਾਇਆ, ‘ਇੱਥੇ (ਬਿਹਾਰ) ਲਾਲੂ-ਰਾਬੜੀ ਸਰਕਾਰ ਅਤੇ ਕੇਂਦਰ ’ਚ ਸੋਨੀਆ-ਮਨਮੋਹਨ ਸਰਕਾਰ ਨੇ ਬਿਹਾਰ ਲਈ ਕੁਝ ਨਹੀਂ ਕੀਤਾ। ਲਾਲੂ ਪ੍ਰਸਾਦ ਨੇ ਸਿਰਫ਼ ਆਪਣੇ ਪਰਿਵਾਰ ਲਈ ਕੰਮ ਕੀਤਾ।’ ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਪਟਨਾ ਵਿੱਚ ਰੈਲੀ ਦੌਰਾਨ ਕੌਮਾਂਤਰੀ ਸਹਿਕਾਰਤਾ ਦਿਵਸ ਮੌਕੇ ਬਿਹਾਰ ’ਚ 800 ਕਰੋੜ ਰੁਪਏ ਵੱਧ ਦੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ ਤੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ।