Sports

ਆਈਪੀਐੱਲ: ਬੰਗਲੂਰੂ ਨੇ ਚੇਨੱਈ ਨੂੰ 50 ਦੌੜਾਂ ਨਾਲ ਹਰਾਇਆ

ਚੇਨੱਈ-ਕਪਤਾਨ ਰਜਤ ਪਾਟੀਦਾਰ ਦੇ ਨੀਮ ਸੈਂਕੜੇ ਤੇ ਮਗਰੋਂ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਰੌਇਲ ਚੈਲੰਜਰਸ ਬੰਗਲੂਰੂ (ਆਰਸੀਬੀ) ਨੇ ਅੱਜ ਇੱੱਥੇ ਆਈਪੀਐੱਲ ਮੈਚ ਵਿੱਚ ਚੇਨੱਈ ਸੁਪਰਕਿੰਗਜ਼ ਨੂੰ 50 ਦੌੜਾਂ ਨਾਲ ਹਰਾ ਦਿੱਤਾ। ਬੰੰਗਲੂਰ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 196 ਦੌੜਾਂ ਬਣਾਈਆਂ ਫਿਰ ਚੇਨੱਈ ਦੀ ਟੀਮ ਨੂੰ 146/8 ਦੇ ਸਕੋਰ ’ਤੇ ਹੀ ਰੋਕ ਦਿੱਤਾ।

ਰੌਇਲ ਚੈਲੰਜਰਸ ਬੰਗਲੂਰੂ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਟੀਦਾਰ ਦੀਆਂ 51 ਦੌੜਾਂ, ਫਿਲ ਸਾਲਟ ਦੀਆਂ 32 ਤੇ ਵਿਰਾਟ ਕੋਹਲੀ ਦੀਆਂ 31 ਦੌੜਾਂ ਸਦਕਾ 20 ਓਵਰਾਂ ’ਚ 196/7 ਦਾ ਸਕੋਰ ਬਣਾਇਆ। ਟੀਮ ਦੇ ਸਕੋਰ ਵਿੱਚ ਦੇਵਦੱਤ ਪਡਿੱਕਲ ਨੇ 27 ਦੌੜਾਂ, ਟਿਮ ਡੇਵਿਡ ਨੇ 22, ਜਿਤੇਸ਼ ਸ਼ਰਮਾ ਨੇ 12 ਤੇ ਲਿਆਮ ਲਿਵਿੰਗਸਟੋਨ ਨੇ 10 ਦੌੜਾਂ ਦਾ ਯੋਗਦਾਨ ਪਾਇਆ। ਚੇਨੱਈ ਵੱਲੋਂ ਨੂਰ ਅਹਿਮਦ ਨੇ ਤਿੰਨ ਤੇ ਮਥੀਸ਼ਾ ਪਥੀਰਾਨਾ ਨੇ ਦੋ ਵਿਕਟਾਂ ਲਈਆਂ ਜਦਕਿ ਖਲੀਲ ਅਹਿਮਦ ਤੇ ਆਰ. ਅਸ਼ਿਵਨ ਨੂੰ ਇੱਕ-ਇੱਕ ਵਿਕਟ ਮਿਲੀ।

ਜਿੱਤ ਲਈ 197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇਨੱਈ ਵੱਲੋਂ ਸਲਾਮੀ ਬੱਲੇਬਾਜ਼ ਰਚਿਨ ਰਵਿੰਦਰਾ ਨੇ 41 ਦੌੜਾਂ ਬਣਾਈਆਂ ਪਰ ਮੱਧਕ੍ਰਮ ਦੇ ਬੱਲੇਬਾਜ਼ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਰਵਿੰਦਰ ਜਡੇਜਾ ਨੇ 22 ਦੌੜਾਂ ਤੇ ਸ਼ਿਵਮ ਦੂਬੇ ਨੇ 19 ਦੌੜਾਂ ਦੀ ਪਾਰੀ ਖੇਡਦਿਆਂ ਟੀਮ ਨੂੰ ਜਿਤਾਉਣ ਲਈ ਪੂਰੀ ਵਾਹ ਲਾਈ ਪਰ ਉਹ ਇਸ ਵਿੱਚ ਸਫ਼ਲ ਨਾ ਹੋ ਸਕੇ। ਬੰਗਲੂਰ ਵੱਲੋਂ ਜੋਸ਼ ਹੇਜ਼ਲਵੁੱਡ ਨੇ ਤਿੰਨ, ਯਸ਼ ਦਿਆਲ ਤੇ ਲਿਆਮ ਲਿਵਿੰਗਸਟੋਨ ਨੇ ਦੋ-ਦੋ ਵਿਕਟਾਂ ਲਈਆਂ। ਭੁਵਨੇਸ਼ਵਰ ਕੁਮਾਰ ਨੂੰ ਇੱਕ ਵਿਕਟ ਮਿਲੀ।