ਕਠੂਆ ਮੁਕਾਬਲੇ ’ਚ ਦੋ ਅਤਿਵਾਦੀ ਹਲਾਕ, ਪੰਜ ਜਵਾਨ ਜ਼ਖ਼ਮੀ
ਜੰਮੂ-ਜੰਮੂ ਕਸ਼ਮੀਰ ਦੇ ਕਠੂਆ ਜ਼ਿਲ੍ਹੇ ’ਚ ਅਤਿਵਾਦੀਆਂ ਨਾਲ ਅੱਜ ਹੋਏ ਮੁਕਾਬਲੇ ’ਚ ਦੋ ਅਤਿਵਾਦੀ ਮਾਰੇ ਗਏ, ਜਦਕਿ ਪੰਜ ਸੁਰੱਖਿਆ ਮੁਲਾਜ਼ਮ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਘੁਸਪੈਠ ਕਰ ਰਹੇ ਤਕਰੀਬਨ ਪੰਜ ਅਤਿਵਾਦੀਆਂ ਦੇ ਗਰੁੱਪ ਦੇ ਖਾਤਮੇ ਲਈ ਆਪਣੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਇਹ ਸਪੱਸ਼ਟ ਨਹੀਂ ਹੈ ਕਿ ਇਹ ਉਹੀ ਗਰੁੱਪ ਸੀ ਜੋ ਕਠੂਆ ਖੇਤਰ ਦੇ ਸਾਨਿਆਲ ਜੰਗਲ ’ਚ ਪਹਿਲਾਂ ਦੀ ਘੇਰਾਬੰਦੀ ਤੋਂ ਬਚ ਕੇ ਭੱਜ ਰਿਹਾ ਸੀ ਜਾਂ ਫਿਰ ਹਾਲ ਹੀ ’ਚ ਘੁਸਪੈਠ ਕਰਨ ਵਾਲੇ ਅਤਿਵਾਦੀਆਂ ਦਾ ਕੋਈ ਹੋਰ ਸਮੂਹ ਹੈ। ਅਧਿਕਾਰੀ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਭਿਆਨਕ ਗੋਲੀਬਾਰੀ ਤੇ ਧਮਾਕੇ ਹੋਏ। ਰਾਜਬਾਗ ਦੇ ਘਾਟੀ ਜੁਥਾਨਾ ਖੇਤਰ ’ਚ ਜਖੋਲੇ ਪਿੰਡ ਨੇੜੇ ਹੋਏ ਇਸ ਮੁਕਾਬਲੇ ’ਚ ਤਕਰੀਬਨ ਪੰਜ ਅਤਿਵਾਦੀਆਂ ਦਾ ਸਮੂਹ ਸ਼ਾਮਲ ਸੀ ਅਤੇ ਸ਼ੁਰੂਆਤੀ ਗੋਲੀਬਾਰੀ ’ਚ ਵਿਸ਼ੇਸ਼ ਪੁਲੀਸ ਅਧਿਕਾਰੀ ਭਰਤ ਚਲੋਤਰਾ ਜ਼ਖ਼ਮੀ ਹੋ ਗਿਆ ਜਿਸ ਦੇ ਚਿਹਰੇ ’ਤੇ ਸੱਟਾਂ ਵੱਜੀਆਂ। ਉਸ ਨੂੰ ਇਲਾਜ ਲਈ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਭੇਜਿਆ ਗਿਆ ਹੈ ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਪੁਲੀਸ ਦੇ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸਓਜੀ) ਦੀ ਅਗਵਾਈ ਹੇਠ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਦੀ ਮਦਦ ਨਾਲ ਚਲਾਈ ਗਈ ਇਸ ਮੁਹਿੰਮ ’ਚ ਦੋ ਅਤਿਵਾਦੀ ਮਾਰੇ ਗਏ। ਇੱਕ ਸਬ-ਡਿਵੀਜ਼ਨਲ ਪੁਲੀਸ ਅਫਸਰ ਸਮੇਤ ਤਿੰਨ ਸੁਰੱਖਿਆ ਕਰਮੀ ਗੋਲੀਬਾਰੀ ਵਾਲੀ ਥਾਂ ’ਤੇ ਫਸੇ ਹੋਏ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਅਸਲ ਤਸਵੀਰ ਮੁਕਾਬਲਾ ਖਤਮ ਹੋਣ ਮਗਰੋਂ ਸਪੱਸ਼ਟ ਹੋਵੇਗੀ।