ਰੁੱਖ ਵੱਢਣਾ ਮਨੁੱਖ ਦੀ ਹੱਤਿਆ ਤੋਂ ਵੀ ਵੱਧ ਗੰਭੀਰ: ਸੁਪਰੀਮ ਕੋਰਟ
ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਵੱਡੀ ਗਿਣਤੀ ’ਚ ਰੁੱਖ ਵੱਢਣ ਨੂੰ ਮਨੁੱਖ ਦੀ ਹੱਤਿਆ ਤੋਂ ਵੀ ਵੱਧ ਗੰਭੀਰ ਕਰਾਰ ਦਿੰਦਿਆਂ ਨਾਜਾਇਜ਼ ਤੌਰ ’ਤੇ ਰੁੱਖ ਵੱਢੇ ਗਏ ਹਰੇਕ ਰੁੱਖ ਲਈ ਇੱਕ ਵਿਅਕਤੀ ਨੂੰ ਇੱਕ ਲੱਖ ਰੁਪਏ ਜੁਰਮਾਨਾ ਲਾਇਆ ਹੈ।
ਜਸਟਿਸ ਅਭੈ ਐੱਸ. ਓਕਾ ਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਇਹ ਟਿੱਪਣੀ ਉਸ ਵਿਅਕਤੀ ਦੀ ਅਪੀਲ ਖਾਰਜ ਕਰਦਿਆਂ ਕੀਤੀ ਜਿਸ ਨੇ ਰਾਖਵੇਂ ਤਾਜ ਟਰਾਪੈਜ਼ੀਅਮ ਜ਼ੋਨ ਵਿੱਚੋਂ 454 ਰੁੱਖ ਵੱਢੇ ਸਨ। ਬੈਂਚ ਕਿਹਾ, ‘‘ਵਾਤਾਵਰਨ ਦੇ ਮਾਮਲੇ ’ਚ ਕਿਸੇ ਤਰ੍ਹਾਂ ਰਹਿਮ ਨਹੀਂ ਹੋਣਾ ਚਾਹੀਦਾ। ਵੱਡੀ ਗਿਣਤੀ ਵਿੱਚ ਰੁੱਖਾਂ ਨੂੰ ਵੱਢਣਾ ਕਿਸੇ ਇਨਸਾਨ ਦੀ ਹੱਤਿਆ ਤੋਂ ਵੀ ਗੰਭੀਰ ਹੈ।’’ ਸਿਖਰਲੀ ਅਦਾਲਤ ਨੇ ਕਿਹਾ ਕਿ ਬਿਨਾਂ ਆਗਿਆ ਤੋਂ ਵੱਢੇ ਗਏ 454 ਰੁੱਖਾਂ ਜੋ ਗਰੀਨ ਜ਼ੋਨ ਦਾ ਹਿੱਸਾ ਸਨ, ਨੂੰ ਦੁਬਾਰਾ ਉਸੇ ਤਰ੍ਹਾਂ ਪੈਦਾ ਕਰਨ ’ਚ ਘੱਟੋ ਘੱਟ 100 ਸਾਲ ਲੱਗਣਗੇ।
ਸਿਖਰਲੀ ਅਦਾਲਤ ਨੇ ਕੇਂਦਰੀ ਅਧਿਕਾਰ ਪ੍ਰਾਪਤ ਕਮੇਟੀ (ਸੀਈਸੀ) ਦੀ ਉਹ ਰਿਪੋਰਟ ਮਨਜ਼ੂਰ ਕਰ ਲਈ ਜਿਸ ਵਿੱਚ ਸ਼ਿਵਸ਼ੰਕਰ ਅਗਰਵਾਲ ਨਾਮੀ ਵਿਅਕਤੀ ਵੱਲੋਂ ਮਥੁਰਾ-ਵਰਿੰਦਾਵਨ ’ਚ ਡਾਲਮੀਆ ਫਾਰਮ ਵਿਚੋਂ 454 ਰੁੱਖ ਵੱਢਣ ’ਤੇ ਪ੍ਰਤੀ ਰੁੱਖ ਇੱਕ ਲੱਖ ਰੁਪਏ ਜੁਰਮਾਨਾ ਲਾਉਣ ਦੀ ਸਿਫਾਰਸ਼ ਕੀਤੀ ਗਈ ਸੀ। ਅਗਰਵਾਲ ਵੱਲੋਂ ਪੇਸ਼ ਸੀਨੀਅਰ ਵਕੀਲ ਮੁਕੁਲ ਰੋਹਤਗੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਹੈ ਪਰ ਅਦਾਲਤ ਨੇ ਜੁਰਮਾਨੇ ਦੀ ਰਕਮ ਘਟਾਉਣ ਤੋਂ ਇਨਕਾਰ ਕਰ ਦਿੱਤਾ।