National

ਤੇਲੰਗਾਨਾ ਸੁਰੰਗ ਹਾਦਸਾ: ਲਾਪਤਾ ਸੱਤ ਜਣਿਆਂ ਦੀ ਭਾਲ ਜਾਰੀ

ਨਾਗਰਕੁਰਨੂਲ (ਤੇਲੰਗਾਨਾ)-ਸ੍ਰੀਸੇਲਮ ਲੈਫਟ ਬੈਂਕ ਕੈਨਾਲ (ਐੱਸਐੱਲਬੀਸੀ) ਪ੍ਰਾਜੈਕਟ ਦੀ ਸੁਰੰਗ ਦਾ ਇੱਕ ਹਿੱਸਾ ਢਹਿਣ ਤੋਂ ਬਾਅਦ 22 ਫਰਵਰੀ ਤੋਂ ਫਸੇ ਸੱਤ ਵਿਅਕਤੀਆਂ ਦਾ ਪਤਾ ਲਾਉਣ ਲਈ ਜਾਰੀ ਬਚਾਅ ਕਾਰਜਾਂ ਤਹਿਤ ਅੱਜ ਬਚਾਅ ਟੀਮਾਂ ਤੇ ਸਬੰਧਤ ਉਪਕਰਨਾਂ ਨੂੰ ਸੁਰੰਗ ਅੰਦਰ ਭੇਜਿਆ ਗਿਆ। ਸਰਕਾਰੀ ਸੂਤਰਾਂ ਮੁਤਾਬਕ ਇਸ ਮੁਹਿੰਮ ਵਿੱਚ ਮਿੱਟੀ ਹਟਾਉਣ ਲਈ ਇੱਕ ਆਟੋਮੈਟਿਕ ਹਾਈਡਰੌਲਿਕ ਰੋਬੋਟ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 30 ਹਾਰਸ ਪਾਵਰ ਸਮਰੱਥਾ ਵਾਲੇ ਲਿਕੁਅਡ ਰਿੰਗ ਵੈਕਿਊਮ ਪੰਪ ਅਤੇ ‘ਵੈਕਿਊਮ ਟੈਂਕ ਮਸ਼ੀਨ’ ਜਿਹੇ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜੋ ਸੁਰੰਗ ਅੰਦਰੋਂ ਮਿੱਟੀ ਤੇ ਮਲਬੇ ਨੂੰ ਤੇਜ਼ੀ ਨਾਲ ਕੱਢਣ ਵਿੱਚ ਮਦਦ ਕਰਦੇ ਹਨ। ਬਿਆਨ ਮੁਤਾਬਕ ਇਨ੍ਹਾਂ ਉਪਕਰਨਾਂ ਨਾਲ ਬਚਾਅ ਕਾਰਜਾਂ ਵਿੱਚ ਤੇਜ਼ੀ ਆਈ ਹੈ। ਜਾਣਕਾਰੀ ਮੁਤਾਬਕ ਕਨਵੇਅਰ ਬੈਲਟ ਦੀ ਵਰਤੋਂ ਕਰ ਕੇ ਸੁਰੰਗ ਤੋਂ ਪ੍ਰਤੀ ਘੰਟੇ ਲਗਪਗ 620 ਕਿਊਬਿਕ ਮੀਟਰ ਮਿੱਟੀ ਤੇ ਮਲਬਾ ਹਟਾਇਆ ਜਾ ਸਕਦਾ ਹੈ। ਫ਼ੌਜ, ਕੌਮੀ ਆਫ਼ਤ ਪ੍ਰਬੰਧਨ ਬਲ, ਸੂਬਾ ਆਫ਼ਤ ਪ੍ਰਬੰਧਨ ਬਲ, ਐੱਚਆਰਡੀਡੀ (ਮਨੁੱਖੀ ਸਰੀਰ ਦੇ ਹਿੱਸਿਆਂ ਦਾ ਪਤਾ ਲਾਉਣ ’ਚ ਮਦਦ ਕਰਨ ਵਾਲੇ ਖੋਜੀ ਕੁੱਤੇ), ਸਰਕਾਰੀ ਮਾਈਨਰ ਕੰਪਨੀ ਸਿੰਗਰੇਨ ਕੋਲਰੀਜ਼, ਹੈਦਰਾਬਾਦ ਸਥਿਤ ਰੋਬੋਟਿਕਸ ਕੰਪਨੀ ਤੇ ਕਈ ਹੋਰ ਏਜੰਸੀਆਂ ਦੀ ਟੀਮ ਇਸ ਬਚਾਅ ਮੁਹਿੰਮ ਵਿੱਚ ਸ਼ਾਮਲ ਹਨ।