Global

ਇਮਰਾਨ ਨਾਲ ਹਫ਼ਤੇ ਵਿੱਚ ਦੋ ਵਾਰ ਕੀਤੀ ਜਾ ਸਕੇਗੀ ਮੁਲਾਕਾਤ

ਇਸਲਾਮਾਬਾਦ-ਪਾਕਿਸਤਾਨ ਦੀ ਹਾਈ ਕੋਰਟ ਨੇ ਅੱਜ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲਈ ਆਪਣੇ ਮੁਲਾਕਾਤੀਆਂ ਨਾਲ ਹਫ਼ਤੇ ਵਿੱਚ ਦੋ ਵਾਰ ਮੁਲਾਕਾਤ ਦਾ ਪ੍ਰਬੰਧ ਬਹਾਲ ਕਰ ਦਿੱਤਾ ਹੈ। ਇਸਲਾਮਾਬਾਦ ਹਾਈ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਇਮਰਾਨ (72) ਦੇ ਮੁਲਾਕਾਤ ਦੇ ਅਧਿਕਾਰ ਅਤੇ ਜੇਲ੍ਹ ਦੀਆਂ ਸਥਿਤੀਆਂ ਨਾਲ ਸਬੰਧਤ ਘੱਟੋ-ਘੱਟ 26 ਪਟੀਸ਼ਨਾਂ ’ਤੇ ਸੁਣਵਾਈ ਕਰਦਿਆਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਦੀ ਹਫ਼ਤੇ ਵਿੱਚ ਦੋ ਵੱਖ-ਵੱਖ ਦਿਨ ਮੁਲਾਕਾਤ ਦਾ ਪ੍ਰਬੰਧ ਕਰਨ। ਹਾਲਾਂਕਿ, ਅਦਾਲਤ ਨੇ ਮੁਲਾਕਾਤੀਆਂ ਨੂੰ ਸਿਆਸੀ ਬਿਆਨ ਦੇਣ ਤੋਂ ਰੋਕ ਦਿੱਤਾ। ਇਮਰਾਨ ਦੇ ਵਕੀਲ ਜ਼ਹੀਰ ਅੱਬਾਸ ਨੇ ਕਿਹਾ ਕਿ ਇਸ ਗੱਲ ’ਤੇ ਸਹਿਮਤੀ ਬਣੀ ਹੈ ਕਿ ਇਮਰਾਨ ਨੂੰ ਹਫ਼ਤੇ ਵਿੱਚ ਦੋ ਦਿਨ (ਮੰਗਲਵਾਰ ਨੂੰ ਆਪਣੇ ਪਰਿਵਾਰ ਤੇ ਵਕੀਲਾਂ ਨਾਲ ਅਤੇ ਵੀਰਵਾਰ ਨੂੰ ਦੋਸਤਾਂ ਨਾਲ) ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇਗੀ।

ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਜਨਰਲ ਸਕੱਤਰ ਬੈਰਿਸਟਰ ਸਲਮਾਨ ਅਕਰਮ ਰਜ਼ਾ ਨੇ ਕਿਹਾ ਕਿ ਵੀਰਵਾਰ ਨੂੰ ਮੁਲਾਕਾਤ ਨਹੀਂ ਕੀਤੀ ਜਾ ਰਹੀ। ਇਮਰਾਨ ਖ਼ਾਨ ਅਗਸਤ 2023 ਤੋਂ ਅਡਿਆਲਾ ਜੇਲ੍ਹ ਵਿੱਚ ਬੰਦ ਹਨ। ਇਸ ਜੇਲ੍ਹ ਦੇ ਪ੍ਰਸ਼ਾਸਨ ਵੱਲੋਂ ਪੇਸ਼ ਵਕੀਲ ਨਵੀਦ ਮਲਿਕ ਨੇ ਕਿਹਾ ਕਿ ਦਸੰਬਰ ਤੱਕ ਹਫ਼ਤੇ ਵਿੱਚ ਦੋ ਵਾਰ ਮੁਲਾਕਾਤਾਂ ਕੀਤੀਆਂ ਜਾਂਦੀਆਂ ਸਨ। ਹਾਲਾਂਕਿ, ਜਨਵਰੀ ਵਿੱਚ ਪੀਟੀਆਈ ਸੰਸਥਾਪਕ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਸਥਿਤੀ ਬਦਲ ਗਈ।