Global

ਇਜ਼ਰਾਈਲ ਵੱਲੋਂ ਗਾਜ਼ਾ ’ਤੇ ਹਮਲੇ ’ਚ 61 ਫਲਸਤੀਨੀ ਹਲਾਕ

ਯੇਰੂਸ਼ਲਮ/ਦੀਰ ਅਲ-ਬਲਾਹ-ਇਜ਼ਰਾਈਲ ਵੱਲੋਂ ਬੀਤੇ 24 ਘੰਟਿਆਂ ਦੌਰਾਨ ਕੀਤੇ ਗਏ ਹਮਲਿਆਂ ’ਚ 61 ਫਲਸਤੀਨੀ ਮਾਰੇ ਗਏ ਹਨ। ਹਮਲੇ ’ਚ 143 ਤੋਂ ਵੱਧ ਵਿਅਕਤੀ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ’ਚ ਜ਼ਿਆਦਾਤਰ ਬੱਚੇ ਅਤੇ ਔਰਤਾਂ ਸ਼ਾਮਲ ਹਨ। ਗਾਜ਼ਾ ਸਿਵਲ ਡਿਫੈਂਸ ਨੇ ਕਿਹਾ ਕਿ 6 ਫਲਸਤੀਨੀ ਡਾਕਟਰ ਲਾਪਤਾ ਹਨ ਜੋ ਰਾਫ਼ਾਹ ’ਚ ਰਾਹਤ ਮਿਸ਼ਨ ’ਤੇ ਗਏ ਸਨ। ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਜੰਗ ’ਚ ਫਲਸਤੀਨੀਆਂ ਦੀਆਂ ਮੌਤਾਂ ਦਾ ਅੰਕੜਾ 50 ਹਜ਼ਾਰ ਤੋਂ ਪਾਰ ਹੋ ਗਿਆ ਹੈ। ਇਸ ਦੌਰਾਨ ਉੱਤਰੀ ਇਜ਼ਰਾਈਲ ’ਚ ਬੱਸ ਸਟਾਪ ’ਤੇ ਖੜ੍ਹੇ ਵਿਅਕਤੀਆਂ ਉਪਰ ਇਕ ਵਿਅਕਤੀ ਨੇ ਵਾਹਨ ਚੜ੍ਹਾ ਦਿੱਤਾ ਜਿਸ ’ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਪੁਲੀਸ ਨੇ ਹਮਲਾਵਾਰ ਨੂੰ ਗੋਲੀ ਮਾਰ ਦਿੱਤੀ। ਇਜ਼ਰਾਇਲੀ ਫੌਜ ਨੇ ਦੱਖਣੀ ਗਾਜ਼ਾ ’ਚ ਸਭ ਤੋਂ ਵੱਡੇ ਹਸਪਤਾਲ ਨੂੰ ਐਤਵਾਰ ਰਾਤ ਨਿਸ਼ਾਨਾ ਬਣਾਇਆ। ਹਮਲੇ ’ਚ ਦੋ ਵਿਅਕਤੀ ਮਾਰੇ ਗਏ ਅਤੇ ਉਥੇ ਭਿਆਨਕ ਅੱਗ ਲੱਗ ਗਈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਖ਼ਾਨ ਯੂਨਿਸ ਦੇ ਨਾਸਿਰ ਹਸਪਤਾਲ ਦੀ ਸਰਜੀਕਲ ਇਮਾਰਤ ’ਤੇ ਹਮਲਾ ਹੋਇਆ।

ਇਜ਼ਰਾਈਲ ਵੱਲੋਂ ਪਿਛਲੇ ਹਫ਼ਤੇ ਹਵਾਈ ਹਮਲਿਆਂ ਨਾਲ ਗਾਜ਼ਾ ’ਚ ਜੰਗ ਮੁੜ ਸ਼ੁਰੂ ਕੀਤੇ ਜਾਣ ਮਗਰੋਂ ਇਸ ਹਸਪਤਾਲ ’ਚ ਵੱਡੀ ਗਿਣਤੀ ’ਚ ਲਾਸ਼ਾਂ ਅਤੇ ਜ਼ਖ਼ਮੀਆਂ ਨੂੰ ਲਿਆਂਦਾ ਗਿਆ ਸੀ। ਸਿਹਤ ਮੰਤਰਾਲੇ ਮੁਤਾਬਕ ਹਮਲੇ ’ਚ 16 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਿਸ ਦਾ ਦੋ ਦਿਨ ਪਹਿਲਾਂ ਅਪਰੇਸ਼ਨ ਹੋਇਆ ਸੀ। ਉਧਰ ਹਮਾਸ ਨੇ ਇਕ ਬਿਆਨ ’ਚ ਕਿਹਾ ਕਿ ਇਜ਼ਰਾਇਲੀ ਹਮਲੇ ਦੌਰਾਨ ਹਸਪਤਾਲ ’ਚ ਦਾਖ਼ਲ ਉਨ੍ਹਾਂ ਦੇ ਸਿਆਸੀ ਬਿਊਰੋ ਦਾ ਮੈਂਬਰ ਇਸਮਾਈਲ ਬਰਹਾਮ ਵੀ ਮਾਰਿਆ ਗਿਆ ਹੈ। ਇਜ਼ਰਾਇਲੀ ਫੌਜ ਨੇ ਹਸਪਤਾਲ ’ਤੇ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਮਾਸ ਦਹਿਸ਼ਤਗਰਦ ਉਥੋਂ ਹਮਲੇ ਕਰ ਰਿਹਾ ਸੀ। ਇਜ਼ਰਾਈਲ ਨੇ ਆਮ ਲੋਕਾਂ ਦੀਆਂ ਮੌਤਾਂ ਲਈ ਹਮਾਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਕਿਉਂਕਿ ਉਹ ਸੰਘਣੀ ਆਬਾਦੀ ਵਾਲੇ ਇਲਾਕਿਆਂ ’ਚੋਂ ਆਪਣੀ ਮੁਹਿੰਮ ਚਲਾ ਰਹੇ ਹਨ। ਜੰਗ ਦੌਰਾਨ ਇਜ਼ਰਾਈਲ ਵੱਲੋਂ ਗਾਜ਼ਾ ਦੇ ਹੋਰ ਹਸਪਤਾਲਾਂ ਦੇ ਨਾਲ ਨਾਲ ਨਾਸਿਰ ਹਸਪਤਾਲ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ।