ਮੈਤੇਈ ਜਥੇਬੰਦੀ ਨਾਲ ਝੜਪ ’ਚ ਯੂਐੱਨਐੱਲਐੱਫ ਦੇ ਚਾਰ ਅਤਿਵਾਦੀ ਜ਼ਖ਼ਮੀ
ਇੰਫਾਲ-ਮਨੀਪੁਰ ਦੇ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਮੈਤੇਈ ਕੱਟੜਪੰਥੀ ਜਥੇਬੰਦੀ ‘ਅਰੰਬਾਈ ਤੈਂਗੋਲ’ ਦੇ ਮੈਂਬਰਾਂ ਨਾਲ ਝੜਪ ਵਿੱਚ ਪਾਬੰਦੀਸ਼ੁਦਾ ਜਥੇਬੰਦੀ ‘ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ’ (ਪਾਮਬੇਈ) ਦੇ ਘੱਟੋ-ਘੱਟ ਚਾਰ ਅਤਿਵਾਦੀ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਯੂਐੱਨਐੱਲਐੱਫ (ਪਾਮਬੇਈ) ਦੇ ਚਾਰ ਜ਼ਖ਼ਮੀ ਅਤਿਵਾਦੀਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਸ਼ਨਿਚਰਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਅਰੰਬਾਈ ਤੈਂਗੋਲ ਦੇ 15-20 ਮੈਂਬਰ ਕੋਂਗਪਾਲ ਚਿੰਗਾਂਗਬਾਮ ਲੇਈਕਾਈ ਵਿੱਚ ਯੂਐੱਨਐੱਲਐੱਫ ਦੇ ਅਤਿਵਾਦੀ ਇਰੇਂਗਬਾਮ ਨੰਦਕੁਮਾਰ ਸਿੰਘ (56) ਦੇ ਘਰ ਵਿੱਚ ਦਾਖ਼ਲ ਹੋ ਗਏ ਤੇ ਸਬੰਧਤ ਜਥੇਬੰਦੀ ਦੇ ਅਤਿਵਾਦੀਆਂ ’ਤੇ ਹਮਲਾ ਕਰ ਦਿੱਤਾ।