ਅਹਿਮਦਾਬਾਦ ਨੇੜੇ ਬੁਲੇਟ ਟਰੇਨ ਸਾਈਟ ’ਤੇ ਗੈਂਟਰੀ ਖਿਸਕ ਕੇ ਰੇਲਵੇ ਲਾਈਨਾਂ ’ਤੇ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ
ਅਹਿਮਦਾਬਾਦ-ਇਥੋਂ ਨੇੜੇ ਬੁਲੇਟ ਟਰੇਨ ਪ੍ਰਾਜੈਕਟ ਦੀ ਸਾਈਟ ਉੱਤੇ ਗੈਂਟਰੀ ਦਾ ਇਕ ਹਿੱਸਾ ਆਪਣੀ ਥਾਂ ਤੋਂ ਖਿਸਕ ਕੇ ਰੇਲਵੇ ਲਾਈਨਾਂ ’ਤੇ ਡਿੱਗ ਗਿਆ। ਇਸ ਦੌਰਾਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇਸ ਕਰਕੇ ਕਈ ਰੇਲਗੱਡੀਆਂ ਨੂੰ ਰੱਦ ਤੇ ਕੁਝ ਨੂੰ ਹੋਰਨਾਂ ਰੂਟਾਂ ’ਤੇ ਡਾਈਵਰਟ ਕਰਨਾ ਪਿਆ।
ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ (NHSRCL) ਨੇ ਕਿਹਾ ਕਿ ਇਥੋਂ ਨੇੜੇ ਵਾਤਵਾ ’ਚ ਐਤਵਾਰ ਰਾਤੀਂ 11 ਵਜੇ ਦੇ ਕਰੀਬ ਹੋਏ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਤੇ ਉਸਾਰੀ ਅਧੀਨ ਢਾਂਚੇ ਨੂੰ ਵੀ ਕੋਈ ਨੁਕਸਾਨ ਨਹੀਂ ਪੁੱਜਾ। ਅਹਿਮਦਾਬਾਦ ਰੇਲਵੇ ਡਿਵੀਜ਼ਨ ਦੇ ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਕਰਕੇ ਰੇਲ ਆਵਾਜਾਈ ਪ੍ਰਭਾਵਿਤ ਹੋਈ ਤੇ ਘੱਟੋ ਘੱਟ 25 ਰੇਲਗੱਡੀਆਂ ਨੂੰ ਰੱਦ ਕਰਨਾ ਪਿਆ ਜਦੋਂਕਿ 15 ਹੋਰਨਾਂ ਆਰਜ਼ੀ ਤੌਰ ’ਤੇ ਰੱਦ, ਪੰਜ ਨੂੰ ਰੀਸ਼ਡਿਊਲ ਤੇ 6 ਨੂੰ ਹੋਰਨਾਂ ਰੂਟਾਂ ’ਤੇ ਡਾਈਵਰਟ ਕਰਨਾ ਪਿਆ।