ਅਮਰੀਕਾ ਵਿੱਚ ਸੰਘੀ ਸਿੱਖਿਆ ਵਿਭਾਗ ਬੰਦ
ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਘੀ ਸਿੱਖਿਆ ਵਿਭਾਗ ਖ਼ਤਮ ਕਰਨ ਸਬੰਧੀ ਹੁਕਮ ’ਤੇ ਸਹੀ ਪਾਈ ਹੈ। ਟਰੰਪ ਦੀ ਇਹ ਪੇਸ਼ਕਦਮੀ ਰਿਪਬਲਿਕਨ ਸਮਰਥਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਵਜੋਂ ਦੇਖੀ ਜਾ ਰਹੀ ਹੈ। ਟਰੰਪ ਨੇ ਵ੍ਹਾਈਟ ਹਾਊਸ ਦੇ ਈਸਟ ਰੂਮ ਵਿਚ ਸਮਾਗਮ ਦੌਰਾਨ ਕਿਹਾ, ‘ਅਸੀਂ ਸਿੱਖਿਆ ਨੂੰ ਮੁੜ ਰਾਜਾਂ ਦੇ ਹੱਥਾਂ ਵਿਚ ਸੌਂਪ ਰਹੇ ਹਾਂ, ਜਿੱਥੇ ਇਸ ਨੂੰ ਅਸਲ ਵਿਚ ਹੋਣਾ ਚਾਹੀਦਾ ਹੈ।’’ ਇਸ ਮੌਕੇ ਅਮਰੀਕੀ ਸਦਰ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਦਾ ਗਰੁੱਪ ਮੌਜੂਦ ਸੀ। ਟਰੰਪ ਨੇ ਜਿਨ੍ਹਾਂ ਸਰਕਾਰੀ ਹੁਕਮਾਂ ’ਤੇ ਸਹੀ ਪਾਈ ਹੈ, ਉਸ ਦਾ ਮੁੱਖ ਮੰਤਵ ਸਿੱਖਿਆ ਨੀਤੀ ਨੂੰ ਲਗਪਗ ਪੂਰੀ ਤਰ੍ਹਾਂ ਨਾਲ ਰਾਜਾਂ ਤੇ ਸਥਾਨਕ ਸਕੂਲ ਬੋਰਡਾਂ ਦੇ ਹਵਾਲੇ ਕਰਨਾ ਹੈ। ਹਾਲਾਂਕਿ ਇਸ ਫੈਸਲੇ ਨਾਲ ਡੈਮੋਕਰੈਟਾਂ ਤੇ ਸਿੱਖਿਆ ਕਾਰਕੁਨਾਂ ਦੇ ਫਿਕਰ ਵਧ ਗਏ ਹਨ।