Global

ਕੈਨੇਡਾ ਦੀ ਅਬਾਦੀ 4 ਕਰੋੜ 15 ਲੱਖ ਤੋਂ ਟੱਪੀ

ਵੈਨਕੂਵਰ-ਕੈਨੇਡਾ ਦੇ ਅੰਕੜਾ ਵਿਭਾਗ ਵੱਲੋਂ ਜਾਰੀ ਸੂਚਨਾ ਅਨੁਸਾਰ ਲੰਘੀ ਪਹਿਲੀ ਜਨਵਰੀ ਤੱਕ ਕੈਨੇਡਾ ਦੀ ਆਬਾਦੀ 4,15,28,680 ਹੋ ਗਈ ਹੈ, ਪਰ ਆਬਾਦੀ ਦੇ ਵਾਧੇ ਦੀ ਦਰ 1.8 ਤੋਂ ਘੱਟ ਕੇ 1.2 ਫ਼ੀਸਦ ਰਹਿ ਗਈ ਹੈ। ਸਾਲ 2024 ਦੀ ਆਖਰੀ ਤਿਮਾਹੀ ਵਿੱਚ ਜਨਮੇ ਅਤੇ ਪੱਕੇ ਹੋਏ 63,382 ਲੋਕਾਂ ਦੇ ਵਾਧੇ ਦੇ ਬਾਵਜੂਦ, ਇਸੇ ਤਿਮਾਹੀ ਦੌਰਾਨ ਅਸਥਾਈ (ਕੱਚੇ) ਵਾਸੀਆਂ ਦੀ ਗਿਣਤੀ ਵਿੱਚ 28,341 ਦੀ ਗਿਰਾਵਟ ਦਰਜ ਕੀਤੀ ਗਈ। ਸਮਝਿਆ ਜਾਂਦਾ ਹੈ ਕਿ ਜਾਂ ਤਾਂ ਇਹ ਲੋਕ ਸਰਕਾਰੀ ਸਖਤੀ ਕਾਰਨ ਆਪਣੇ ਦੇਸ਼ਾਂ ਨੂੰ ਪਰਤ ਗਏ ਜਾਂ ਸਰਕਾਰ ਵਲੋਂ ਡਿਪੋਰਟ ਕੀਤੇ ਗਏ।
ਦੱਸਣਾ ਬਣਦਾ ਹੈ ਕਿ ਕੈਨੇਡਾ ਦੀ ਆਬਾਦੀ ਜੂਨ 2022 ਦੌਰਾਨ 4 ਕਰੋੜ ਤੋਂ ਟੱਪੀ ਸੀ। ਅੰਕੜਾ ਏਜੰਸੀ ਅਨੁਸਾਰ ਇਹ ਪਿਛਲੇ ਸਾਲ ਦੀ ਆਖਰੀ ਤਿਮਾਹੀ ਦਾ ਵਾਧਾ ਦਰ ਅੰਕੜਾ 2020 ਦੀ ਆਖਰੀ ਤਿਮਾਹੀ ਦੇ ਉਸ ਘੱਟੋ ਘੱਟ ਅੰਕੜੇ ਤੋਂ ਵੀ ਘੱਟ ਹੈ, ਜਦ ਕਰੋਨਾ ਕਾਰਨ ਬਹੁਤ ਘੱਟ ਲੋਕ ਕੈਨੇਡਾ ਆਏ ਸਨ। ਉਂਜ 2024 ਦੇ ਸਾਲ ਦੌਰਾਨ ਆਬਾਦੀ ਦਾ ਸਮੁੱਚਾ ਵਾਧਾ 7,44,324 ਦਰਜ ਕੀਤਾ ਗਿਆ ਹੈ।