ਭਾਜਪਾ ਤੇ ‘ਆਪ’ ਨੇ ਕਿਸਾਨਾਂ ਦੀ ਪਿੱਠ ’ਚ ਛੁਰਾ ਮਾਰਿਆ: ਚੀਮਾ
ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਤੇ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਰਲ ਕੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਆਗੂਆਂ ਨੂੰ ਮੀਟਿੰਗ ਲਈ ਸੱਦਿਆ ਗਿਆ ਫੇਰ ਗ੍ਰਿਫ਼ਤਾਰ ਕਰ ਲਿਆ ਗਿਆ। ਮਗਰੋਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੇ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਸਲ ਵਿੱਚ ਸੰਜੀਦਾ ਹਨ ਤਾਂ ਉਨ੍ਹਾਂ ਨੂੰ ਵਾਅਦੇ ਮੁਤਾਬਕ ਸਾਰੀਆਂ 22 ਫ਼ਸਲਾਂ ’ਤੇ ਐੱਮਐੱਸਪੀ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ। ਡਾ. ਚੀਮਾ ਨੇ ਕਿਹਾ ਕਿ ‘ਆਪ’ ਤੇ ਭਾਜਪਾ ਨੇ ਕਿਸਾਨਾਂ ਨਾਲ ਕੋਝੀ ਚਾਲ ਚੱਲੀ ਹੈ ਤੇ ਸੜਕਾਂ ਬੰਦ ਹੋਣ ਕਾਰਨ ਪੰਜਾਬੀਆਂ ਨੂੰ ਹੋਈਆਂ ਮੁਸ਼ਕਲਾਂ ਲਈ ਦੋਸ਼ ਕਿਸਾਨਾਂ ਸਿਰ ਮੜ੍ਹਿਆ ਜਾ ਰਿਹਾ ਹੈ, ਜਦੋਂਕਿ ਇਨ੍ਹਾਂ ਦੋਵਾਂ ਵੱਲੋਂ ਇਕ ਦੂਜੇ ਨਾਲ ਰਲ ਕੇ ਖੇਡੀ ਗਈ ਖੇਡ ਕੱਲ੍ਹ ਜੱਗ ਜ਼ਾਹਿਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਜੋ ਰੋਕਾਂ ਸੜਕਾਂ ਤੋਂ ਹਟਾਈਆਂ ਜਾ ਰਹੀਆਂ ਹਨ, ਉਹ ਹਰਿਆਣਾ ਸਰਕਾਰ ਨੇ ਲਗਾਈਆਂ ਸਨ। ਜੇ ਪੰਜਾਬ ਸਰਕਾਰ ਨੇ ਪਹਿਲਾਂ ਹੀ ਇਹ ਹਟਵਾਈਆਂ ਹੁੰਦੀਆਂ ਤਾਂ ਵਪਾਰ ਤੇ ਉਦਯੋਗ ਨੂੰ ਮਾਰ ਨਾ ਝੱਲਣੀ ਪੈਂਦੀ।