Punjab

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਭਗਵੰਤ ਮਾਨ ਦੇ ਪੁਤਲੇ ਸਾੜੇ

ਚੰਡੀਗੜ੍ਹ-ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ 26 ਥਾਵਾਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਸਾੜੇ। ਇਸ ਮੌਕੇ ਆਗੂਆਂ ਨੇ ਸ਼ੰਭੂ ਅਤੇ ਖਨੌਰੀ ਮੋਰਚਿਆਂ ਦੇ ਮੁੱਖ ਆਗੂਆਂ ਨੂੰ ਗੱਲਬਾਤ ਲਈ ਸੱਦ ਕੇ ਗ੍ਰਿਫ਼ਤਾਰ ਕਰਨ ਅਤੇ ਮੋਰਚਿਆਂ ਨੂੰ ਖਦੇੜਨ ਲਈ ਲਾਠੀਚਾਰਜ ਤੇ ਸਾਮਾਨ ਦੀ ਭੰਨਤੋੜ ਕਰਨ ਦੀ ਨਿਖੇਧੀ ਕੀਤੀ। ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਨੇ 13 ਮਹੀਨਿਆਂ ਦੇ ਵੱਧ ਸਮੇਂ ਤੋਂ ਮੋਰਚਿਆਂ ’ਤੇ ਬੈਠੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਤੋਂ 7ਵੇਂ ਗੇੜ ਮੌਕੇ ਵੀ ਟਾਲਾ ਵੱਟ ਲਿਆ ਹੈ। ਹਾਈਵੇਅ ਜਾਮ ਖੁੱਲ੍ਹਵਾਉਣ ਦਾ ਬਹਾਨਾ ਲਗਾ ਕੇ ਕਿਸਾਨਾਂ ’ਤੇ ਲਾਠੀਚਾਰਜ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਦੇ ਮੁੱਖ ਆਗੂਆਂ ਸਣੇ ਸੈਂਕੜੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਜਮਹੂਰੀਅਤ ਦਾ ਘਾਣ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਖੁੱਲ੍ਹੇ ਵਪਾਰ ਵਾਲਾ ਖੇਤੀ ਮੰਡੀ ਨੀਤੀ ਖਰੜਾ ਜਾਰੀ ਕਰਨ ਅਤੇ ਅਮਰੀਕਨ ਸਾਮਰਾਜ ਨਾਲ ਖੁੱਲ੍ਹਾ ਵਪਾਰ ਸਮਝੌਤਾ ਕਰਨ ਵਰਗੇ ਸਾਮਰਾਜ-ਪੱਖੀ ਤੇ ਕਿਸਾਨ-ਮਾਰੂ ਕਾਰਵਾਈ ਵਿਰੁੱਧ ਕਿਸਾਨ ਡਟੇ ਰਹਿਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਪੰਜਾਬ ਸਰਕਾਰ ਵੀ ਮੁੱਖ ਭੂਮਿਕਾ ਨਿਭਾਉਣ ਵਿੱਚ ਕੇਂਦਰ ਸਰਕਾਰ ਤੋਂ ਪਿੱਛੇ ਨਹੀਂ ਰਹਿਣਾ ਚਾਹੁੰਦੀ। ਇਹ ਦੋਵੇਂ ਸਰਕਾਰਾਂ ਜਲ, ਜੰਗਲ, ਜ਼ਮੀਨਾਂ, ਜਨਤਕ ਸੇਵਾਵਾਂ ਸਣੇ ਵਪਾਰਕ ਸੋਮੇ ਸਾਮਰਾਜੀ ਕਾਰਪੋਰੇਟਾਂ ਹਵਾਲੇ ਕਰਨ ਲਈ ਤਰਲੋ-ਮੱਛੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਦੇ ਲਾਗੂ ਹੋਣ ਨਾਲ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਕਾਮਿਆਂ ਸਣੇ ਛੋਟੇ ਵਪਾਰੀਆਂ ਦਾ ਉਜਾੜਾ ਤੇ ਭੁੱਖਮਰੀ ਤੈਅ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬਾ ਸਰਕਾਰ ਗ੍ਰਿਫ਼ਤਾਰ ਕੀਤੇ ਸਾਰੇ ਆਗੂਆਂ ਨੂੰ ਤੁਰੰਤ ਰਿਹਾਅ ਕਰੇ ਅਤੇ ਮੋਰਚਿਆਂ ਤੋਂ ਜ਼ਬਤ ਕੀਤੇ ਸਾਮਾਨ ਜਾਂ ਵਾਹਨਾਂ ਦੀ ਭੰਨਤੋੜ ਦਾ ਪੂਰਾ ਮੁਆਵਜ਼ਾ ਦੇਵੇ।