ਪੰਜਾਬ ਸਰਕਾਰ ਨਾਲ ਬੈਠਕ ਤੋਂ ਬੀਕੇਯੂ ਉਗਰਾਹਾਂ ਦਾ ਕਿਨਾਰਾ, ਐੱਸਕੇਐੱਮ ਆਗੂਆਂ ਵੱਲੋਂ ਕਿਸਾਨ ਭਵਨ ’ਚ ਆਪਣੀ ਮੀਟਿੰਗ ਸ਼ੁਰੂ
ਮਾਨਸਾ-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਸਰਕਾਰ ਵੱਲੋਂ ਸੱਦੀ ਗਈ ਅੱਜ ਦੀ ਮੀਟਿੰਗ ਵਿੱਚ ਨਾ ਜਾਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾਈ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਜਦੋਂ ਸਰਕਾਰ ਨੇ ਗੱਲਬਾਤ ਲਈ ਉਸਾਰੂ ਤੇ ਸਤਿਕਾਰਤ ਮਾਹੌਲ ਹੀ ਨਹੀਂ ਸਿਰਜਿਆ ਹੈ, ਫਿਰ ਗੱਲਬਾਤ ਦੀ ਕੋਈ ਤੁਕ ਹੀ ਨਹੀਂ ਬਣਦੀ ਹੈ। ਉਗਰਾਹਾਂ ਨੇ ਮੀਟਿੰਗ ਵਿੱਚ ਨਾ ਜਾਣ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ। ਇਸੇ ਦੌਰਾਨ ਹੀ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਜਥੇਬੰਦੀਆਂ ਨੇ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਆਪਣੀ ਮੀਟਿੰਗ ਸ਼ੁਰੂ ਕਰ ਲਈ ਹੈ, ਜਿਸ ਵਿਚ ਸ਼ਾਮਲ ਆਗੂਆਂ ਵਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਜਾਣਗੇ। ਇੱਕ ਆਗੂ ਨੇ ਕਿਹਾ ਕਿ ਜੇ ਸਰਕਾਰ ਨਾਲ ਮੀਟਿੰਗ ਨਾ ਕਰਨ ਦਾ ਫੈਸਲਾ ਸਰਬਸੰਮਤੀ ਨਾਲ ਪਾਸ ਹੋ ਜਾਂਦਾ ਹੈ ਤਾਂ ਹੋ ਸਕਦਾ ਮੀਟਿੰਗ ਦੇ ਬਾਈਕਾਟ ਵਰਗਾ ਫੈਸਲਾ ਲਿਆ ਜਾਵੇ।
ਚੇਤੇ ਰਹੇ ਕਿ ਪੰਜਾਬ ਸਰਕਾਰ ਨੇ ਲੰਘੇ ਦਿਨ ਸੰਯੁਕਤ ਕਿਸਾਨ ਮੋਰਚਾ (ਆਲ ਇੰਡੀਆ) ਨੂੰ ਅੱਜ ਲਈ ਮੀਟਿੰਗ ਦਾ ਸੱਦਾ ਦਿੱਤਾ ਸੀ। ਚੰਡੀਗੜ੍ਹ ਦੇ ਸੈਕਟਰ 3 ਸਥਿਤ ਪੰਜਾਬ ਭਵਨ ’ਚ ਸ਼ਾਮੀਂ 4 ਵਜੇ ਲਈ ਤਜਵੀਜ਼ਤ ਬੈਠਕ ਵਿਚ ਪੰਜਾਬ ਸਰਕਾਰ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕਿਸਾਨ ਆਗੂਆਂ ਨਾਲ ਗੱਲ ਕਰਨਗੇ।
ਉਧਰ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਨੇ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਹ ਮੀਟਿੰਗ ਲਈ ਚੰਡੀਗੜ੍ਹ ਪੁੱਜ ਗਏ ਹਨ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਉਹ ਅੱਜ ਦੀ ਮੀਟਿੰਗ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੀਆਂ ਬਣਦੀਆਂ ਮੰਗਾਂ ਅਤੇ ਹੱਕਾਂ ਨੂੰ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਸਾਹਮਣੇ ਜ਼ੋਰਦਾਰ ਢੰਗ ਨਾਲ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਉਹ ਮੀਟਿੰਗ ਲਈ ਚੰਡੀਗੜ੍ਹ ਪਹੁੰਚ ਗਏ ਹਨ।