ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ
ਚੰਡੀਗੜ੍ਹ-ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਸ਼ੁਰੂ ਹੋ ਗਿਆ ਹੈ। ਰਾਜਪਾਲ ਦੇ ਭਾਸ਼ਣ ਦੌਰਾਨ ਹੀ ਵਿਰੋਧੀ ਧਿਰ ਕਾਂਗਰਸ ਨੇ ਹੰਗਾਮਾ ਕੀਤਾ। ਰਾਜਪਾਲ ਆਪਣੇ ਭਾਸ਼ਣ ਦੌਰਾਨ ਜਿਵੇਂ ਹੀ ਸਿੱਖਿਆ ’ਤੇ ਬੋਲਣ ਲੱਗੇ ਤਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖੜੇ ਹੋ ਕੇ ਉਸ ਦਾ ਵਿਰੋਧ ਕੀਤਾ। ਇਸ ਦੌਰਾਨ ਸਾਰੇ ਹੀ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਵਿੱਚ ਸੂਬਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਾਂਗਰਸੀ ਵਿਧਾਇਕਾਂ ਨੇ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਗਾਏ। ਕਾਂਗਰਸੀ ਵਿਧਾਇਕ ਰਾਜਪਾਲ ਦੇ ਭਾਸ਼ਣ ਦੌਰਾਨ ਹੀ ਸਦਨ ’ਚੋਂ ਵਾਕਆਊਟ ਕਰ ਗਏ।
ਉਧਰ ਰਾਜਪਾਲ ਨੇ ਆਪਣੇ ਭਾਸ਼ਣ ਵਿਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਗਿਣਾਇਆ। ਰਾਜਪਾਲ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ‘ਜੋ ਬੋਲੇ ਸੋ ਨਿਹਾਲ’ ਦੇ ਜੈਕਾਰੇ ਨਾਲ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿਚ ਸੂਬਾ ਸਰਕਾਰ ਵੱਲੋਂ 881 ਆਮ ਆਦਮੀ ਕਲੀਨਿਕ ਖੋਲ੍ਹੇ ਜਾਣ ਬਾਰੇ ਦੱਸਿਆ। ਇਨ੍ਹਾਂ ਵਿੱਚ ਹੁਣ ਤੱਕ 2.98 ਲੱਖ ਕਰੋੜ ਲੋਕਾਂ ਨੇ ਇਲਾਜ ਕਰਵਾਇਆ ਅਤੇ 90 ਲੱਖ ਲੋਕਾਂ ਨੇ ਟੈਸਟ ਕਰਵਾਏ ਹਨ। ਇਥੋਂ ਲੋਕਾਂ ਨੇ 60 ਕਰੋੜ ਰੁਪਏ ਦੀ ਦਵਾਈਆਂ ਅਤੇ 100 ਕਰੋੜ ਰੁਪਏ ਤੋਂ ਵੱਧ ਦੇ ਟੈਸਟ ਕਰਵਾਏ ਹਨ।
ਕਾਬਿਲੇਗੌਰ ਹੈ ਕਿ ਬਜਟ ਸੈਸ਼ਨ ਦੇ ਐਤਕੀਂ ਹੰਗਾਮਾਖੇਜ਼ ਰਹਿਣ ਦੇ ਆਸਾਰ ਹਨ। ਵਿਰੋਧੀ ਪਾਰਟੀਆਂ ਨੇ ਕਾਨੂੰਨ ਵਿਵਸਥਾ, ਕਿਸਾਨ ਆਗੂਆਂ ਦੀ ਨਜ਼ਰਬੰਦੀ, ਵਧਦੇ ਰਾਜ ਕਰਜ਼ੇ ਅਤੇ ਚੋਣ ਵਾਅਦਿਆਂ ਨੂੰ ਲਾਗੂ ਨਾ ਕਰਨ ਸਮੇਤ ਕਈ ਮੁੱਦਿਆਂ ’ਤੇ ਸੱਤਾਧਾਰੀ ‘ਆਪ’ ਨੂੰ ਘੇਰਨ ਦੀ ਤਿਆਰੀ ਕੀਤੀ ਹੈ। ਰਾਜਪਾਲ ਦੇ ਭਾਸ਼ਣ ਤੋਂ ਬਾਅਦ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਬਜਟ ਸੈਸ਼ਨ 21 ਤੋਂ 28 ਮਾਰਚ ਤੱਕ ਹੋਵੇਗਾ। ਰਾਜਪਾਲ ਦੇ ਭਾਸ਼ਣ ’ਤੇ ਚਰਚਾ 24 ਮਾਰਚ ਨੂੰ ਹੋਵੇਗੀ ਜਦੋਂਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ 26 ਮਾਰਚ ਨੂੰ ਬਜਟ ਪੇਸ਼ ਕਰਨਗੇ।