Punjab

ਬੰਬੀਹਾ ਗੈਂਗ ਦਾ ਮੈਂਬਰ ਮੁਕਾਬਲੇ ਮਗਰੋਂ ਕਾਬੂ

ਮੋਗਾ-ਮੋਗਾ ਪੁਲੀਸ ਨੇ ਥਾਣਾ ਮਹਿਣਾ ਅਧੀਨ ਪਿੰਡ ਨੇੜੇ ਮੁਕਾਬਲੇ ਮਗਰੋਂ ਬੰਬੀਹਾ ਗੈਂਗ ਦੇ ਸਰਗਰਮ ਮੈਂਬਰ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਅਮਨ ਕੁਮਾਰ ਵਾਸੀ ਟਿਵਾਣਾ ਕਲਾਂ ਵਜੋਂ ਹੋਈ ਹੈ। ਉਸ ’ਤੇ 12 ਫਰਵਰੀ ਨੂੰ ਪਿੰਡ ਡਾਲਾ ਦੇ ਪੰਚਾਇਤ ਮੈਂਬਰ ਬਲੌਰ ਸਿੰਘ ਦੇ ਘਰ ’ਤੇ ਫਾਇਰਿੰਗ ਕਰਨ ਦਾ ਦੋਸ਼ ਹੈ। ਪੁਲੀਸ ਨੂੰ ਸੂਚਨਾ ਮਿਲੀ ਕਿ ਕੁਝ ਮਸ਼ਕੂਕ ਨੌਜਵਾਨ ਖੇਤਰ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਪੁਲੀਸ ਮੁਤਾਬਕ ਥਾਣਾ ਮਹਿਣਾ ਦੇ ਮੁਖੀ ਗੁਰਵਿੰਦਰ ਸਿੰਘ ਭੁੱਲਰ ਵੱਲੋਂ ਇਲਾਕੇ ਵਿੱਚ ਕੀਤੀ ਜਾ ਰਹੀ ਗਸ਼ਤ ਦੌਰਾਨ ਪਿੰਡ ਰਾਮੂਵਾਲਾ ਹਰਚੋਕਾ ਨੇੇੜੇ ਪੈਦਲ ਆ ਰਹੇ ਨੌਜਵਾਨ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਭੱਜ ਗਿਆ। ਇਸ ਦੌਰਾਨ ਉਸ ਨੇ ਰਿਵਾਲਵਰ ਨਾਲ ਪੁਲੀਸ ’ਤੇ ਫਾਇਰਿੰਗ ਕਰ ਦਿੱਤੀ। ਪੁਲੀਸ ਵੱਲੋਂ ਜਵਾਬੀ ਕਾਰਵਾਈ ਵਿੱਚ ਗੋਲੀ ਨੌਜਵਾਨ ਦੀ ਲੱਤ ਵਿੱਚ ਵੱਜੀ ਅਤੇ ਉਹ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲੀਸ ਮੁਤਾਬਕ ਅਮਨ ਕੁਮਾਰ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਹੈ। ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਇਸ ਦੀ ਸੂਚਨਾ ਤੁਰੰਤ ਉੱਚ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਧਰਮਕੋਟ ਦੇ ਡੀਐੱਸਪੀ ਰਮਨਦੀਪ ਸਿੰਘ ਤੇ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਪੁਲੀਸ ਘਟਨਾ ਸਥਾਨ ’ਤੇ ਪੁੱਜ ਗਈ। ਜ਼ਖ਼ਮੀ ਗੈਂਗਸਟਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਪ ਪੁਲੀਸ ਕਪਤਾਨ ਨੇ ਦੱਸਿਆ ਕਿ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਮੁਲਜ਼ਮ ਦਾ ਰਿਮਾਂਡ ਲਿਆ ਜਾਵੇਗਾ।