National

ਡਿਜੀਟਲ ਤਬਦੀਲੀ ਪੁਰਸਕਾਰ ਲਈ ਚੁਣੇ ਜਾਣ ’ਤੇ ਆਰਬੀਆਈ ਦੀ ਪ੍ਰਸ਼ੰਸਾ

ਨਵੀਂ ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਰਿਜ਼ਰਵ ਬੈਂਕ ਨੂੰ ਡਿਜੀਟਲ ਤਬਦੀਲੀ ਪੁਰਸਕਾਰ 2025 ਲਈ ਚੁਣੇ ਜਾਣ ਨੂੰ ‘ਪ੍ਰਸ਼ੰਸਾਯੋਗ ਪ੍ਰਾਪਤੀ’ ਦੱਸਿਆ ਅਤੇ ਕਿਹਾ ਕਿ ਇਹ ਸ਼ਾਸਨ ਵਿੱਚ ਨਵੀਨਤਾ ਤੇ ਕੁਸ਼ਲਤਾ ’ਤੇ ਜ਼ੋਰ ਦਿੰਦਾ ਹੈ।

‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ, ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਕਿ ਸੈਂਟਰਲ ਬੈਂਕਿੰਗ ਲੰਡਨ, ਯੂਕੇ ਵੱਲੋਂ ਡਿਜੀਟਲ ਤਬਦੀਲੀ ਪੁਰਸਕਾਰ 2025 ਲਈ ਉਸ ਦੀ ਚੋਣ ਕੀਤੀ ਗਈ ਹੈ। ਪੋਸਟ ਵਿੱਚ ਕਿਹਾ ਗਿਆ ਹੈ, ‘‘ਆਰਬੀਆਈ ਨੂੰ ਪ੍ਰਵਾਹ ਤੇ ਸਾਰਥੀ ਪ੍ਰਣਾਲੀਆਂ ਸਣੇ ਆਪਣੀਆਂ ਪਹਿਲਕਦਮੀਆਂ ਲਈ ਸਨਮਾਨਿਤ ਕੀਤਾ ਗਿਆ ਹੈ ਅਤੇ ਮਾਨਤਾ ਦਿੱਤੀ ਗਈ ਹੈ, ਜਿਨ੍ਹਾਂ ਨੂੰ ਇਕ ਇਨ-ਹਾਊਸ ਡਿਵੈਲਪਰ ਟੀਮ ਵੱਲੋਂ ਵਿਕਸਤ ਕੀਤਾ ਗਿਆ ਹੈ। ਪੁਰਸਕਾਰ ਕਮੇਟੀ ਨੇ ਜ਼ਿਕਰ ਕੀਤਾ ਕਿ ਕਿਵੇਂ ਇਨ੍ਹਾਂ ਡਿਜੀਟਲ ਪਹਿਲਕਦਮੀਆਂ ਨੇ ਕਾਗ਼ਜ਼ ਆਧਾਰਿਤ ਸਬਮਿਸ਼ਨ ਦੀ ਵਰਤੋਂ ਨੂੰ ਘੱਟ ਕਰ ਦਿੱਤਾ ਹੈ ਜਿਸ ਨਾਲ ਆਰਬੀਆਈ ਦੀਆਂ ਅੰਦਰੂਨੀ ਅਤੇ ਬਾਹਰੀ ਪ੍ਰਕਿਰਿਆਵਾਂ ਵਿੱਚ ਬਦਲਾਅ ਆਇਆ ਹੈ।’’ ਪੋਸਟ ਨੂੰ ਟੈਗ ਕਰਦੇ ਹੋਏ, ਮੋਦੀ ਨੇ ਕਿਹਾ, ‘‘ਇਕ ਸ਼ਲਾਘਾਯੋਗ ਪ੍ਰਾਪਤੀ ਜੋ ਕਿ ਸ਼ਾਸਨ ਵਿੱਚ ਨਵੀਨਤਾ ਅਤੇ ਕੁਸ਼ਲਤਾ ’ਤੇ ਜ਼ੋਰ ਦਿੰਦੀ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਜੀਟਲ ਨਵੀਨਤਾ ਭਾਰਤ ਦੇ ਵਿੱਤੀ ਹਾਲਾਤ ਨੂੰ ਮਜ਼ਬੂਤ ਕਰਨਾ ਜਾਰੀ ਰੱਖਦੀ ਹੈ, ਜੋ ਕਿ ਅਣਗਿਣਤ ਜ਼ਿੰਦਗੀਆਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ।