ਯੁੱਧ ਨਸ਼ਿਆਂ ਵਿਰੁੱਧ: ਪੁਲੀਸ ਵੱਲੋਂ 424 ਥਾਵਾਂ ’ਤੇ ਛਾਪੇ; 63 ਨਸ਼ਾ ਤਸਕਰ ਕਾਬੂ
ਚੰਡੀਗੜ੍ਹ-ਪੰਜਾਬ ਪੁਲੀਸ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਅੱਜ ਲਗਾਤਾਰ 16ਵੇਂ ਦਿਨ ਜਾਰੀ ਰਹੀ। ਇਸ ਦੌਰਾਨ ਪੁਲੀਸ ਨੇ 424 ਥਾਵਾਂ ’ਤੇ ਛਾਪੇ ਮਾਰੇ ਅਤੇ 63 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ 45 ਕੇਸ ਦਰਜ ਕੀਤੇ। ਇਸ ਨਾਲ ਫੜੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 2012 ਹੋ ਗਈ ਹੈ। ਪੁਲੀਸ ਨੇ ਗ੍ਰਿਫ਼ਤਾਰ ਕੀਤੇ ਨਸ਼ਾ ਤਸਕਰਾਂ ਤੋਂ 385 ਗ੍ਰਾਮ ਹੈਰੋਇਨ, 19 ਕਿਲੋ ਭੁੱਕੀ, 2673 ਨਸ਼ੀਲੀਆਂ ਗੋਲੀਆਂ, ਟੀਕੇ ਅਤੇ 15,600 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਦੇ ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਕੀਤਾ।
ਸ੍ਰੀ ਸ਼ੁਕਲਾ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਸੂਬੇ ਭਰ ਵਿੱਚ ਪੰਜਾਬ ਪੁਲੀਸ ਦੇ 14 ਅਧਿਕਾਰੀਆਂ ਦੀ ਅਗਵਾਈ ਹੇਠ 200 ਤੋਂ ਵੱਧ ਟੀਮਾਂ ਨੇ 424 ਥਾਵਾਂ ’ਤੇ ਛਾਪੇ ਮਾਰੇ। ਇਸ ਦੌਰਾਨ ਪੁਲੀਸ ਨੇ 593 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਤਲਾਸ਼ੀ ਲਈ ਤਾਂ 63 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਛੇ ਜ਼ਿਲ੍ਹਿਆਂ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਦਿਹਾਤੀ ਅਤੇ ਤਰਨ ਤਾਰਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਵੀ ਤਲਾਸ਼ੀ ਮੁਹਿੰਮ ਚਲਾਈ। ਪੁਲੀਸ ਨੇ ਜੇਲ੍ਹ ਕੰਪਲੈਕਸ ਵਿੱਚ ਬੈਰਕਾਂ, ਰਸੋਈ ਅਤੇ ਪਖਾਨਿਆਂ ਸਣੇ ਹਰ ਕੋਨੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ।