Punjab

ਕਿਸਾਨਾਂ ਦੇ ਵਿਰੋਧ ਕਾਰਨ ਗੈਸ ਪਾਈਪਲਾਈਨ ਦਾ ਕੰਮ ਰੋਕਿਆ

ਤਲਵੰਡੀ ਸਾਬੋ-ਪਿੰਡ ਲੇਲੇਵਾਲਾ ਵਿੱਚ ਅੱਜ ਬਹੁਕੌਮੀ ਕੰਪਨੀ ਵੱਲੋਂ ਗੈਸ ਪਾਈਪਲਾਈਨ ਪਾਉਣ ਦਾ ਕੰਮ ਭਾਰੀ ਪੁਲੀਸ ਬਲ ਦੇ ਜ਼ੋਰ ਨਾਲ ਸ਼ੁਰੂ ਕੀਤਾ ਗਿਆ ਪਰ ਕਿਸਾਨਾਂ ਦੇ ਵਿਰੋਧ ਕਾਰਨ ਇਹ ਕੰਮ ਬੰਦ ਕਰਨਾ ਪਿਆ। ਪਿੰਡ ਨੂੰ ਪੁਲੀਸ ਛਾਉਣੀ ਵਿੱਚ ਬਦਲਣ ਕਰਕੇ ਅਤੇ ਕਿਸਾਨਾਂ ਦੇ ਵੱਡੇ ਇਕੱਠ ਕਰਕੇ ਸਾਰਾ ਦਿਨ ਮਾਹੌਲ ਤਣਾਅ ਵਾਲਾ ਬਣਿਆ ਰਿਹਾ।

ਇਸ ਗੈਸ ਪਾਈਪਲਾਈਨ ਕੰਪਨੀ ਨੇ ਅੱਜ ਸਵੇਰੇ ਚਾਰ ਵਜੇ ਹੀ ਆਪਣੀ ਸਾਰੀ ਮਸ਼ੀਨਰੀ ਤੇ ਮੁਲਾਜ਼ਮ ਸੱਦ ਕੇ ਪੁਲੀਸ ਬਲ ਨਾਲ ਪਿੰਡ ਲੇਲੇਵਾਲਾ ਦੇ ਖੇਤਾਂ ਵਿੱਚ ਪਾਈਪਲਾਈਨ ਦਾ ਰਹਿੰਦਾ ਕੰਮ ਆਰੰਭ ਦਿੱਤਾ। ਇਸ ਦੌਰਾਨ ਖੇਤਾਂ ਵੱਲ ਜਾਂਦੇ ਸਾਰੇ ਰਸਤਿਆਂ ’ਤੇ ਪੁਲੀਸ ਨੇ ਬੈਰੀਕੇਡਿੰਗ ਕਰ ਦਿੱਤੀ। ਇਸ ਬਾਰੇ ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤਾਂ ਜ਼ਿਲ੍ਹੇ ਭਰ ਤੋਂ ਕਿਸਾਨ ਤੇ ਬੀਬੀਆਂ ਵੱਡੀ ਗਿਣਤੀ ਵਿੱਚ ਬੀਕੇਯੂ (ਉਗਰਾਹਾਂ) ਦੀ ਅਗਵਾਈ ਵਿੱਚ ਪਿੰਡ ਦੇ ਗੁਰਦੁਆਰੇ ਵਿਚ ਇਕੱਠੇ ਹੋਏ। ਇਸ ਮਗਰੋਂ ਉਨ੍ਹਾਂ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਮਾਨ, ਜਗਦੇਵ ਸਿੰਘ ਜੋਗੇਵਾਲਾ, ਜਸਵੀਰ ਸਿੰਘ ਬੁਰਜਸੇਮਾ ਅਤੇ ਹਰਜਿੰਦਰ ਬੱਗੀ ਦੀ ਅਗਵਾਈ ਵਿੱਚ ਗੈਸ ਪਾਈਪਲਾਈਨ ਦਾ ਕੰਮ ਬੰਦ ਕਰਵਾਉਣ ਲਈ ਖੇਤਾਂ ਵੱਲ ਚਾਲੇ ਪਾ ਦਿੱਤੇ। ਇਸ ਮੌਕੇ ਰਜਵਾਹੇ ਦੇ ਪੁਲ ’ਤੇ ਐੱਸਪੀ ਨਰਿੰਦਰ ਸਿੰਘ ਦੀ ਅਗਵਾਈ ਵਿੱਚ ਪੁਲੀਸ ਨੇ ਨਾਕਾਬੰਦੀ ਕੀਤੀ ਸੀ ਅਤੇ ਕਿਸਾਨਾਂ ਨੇ ਇੱਥੇ ਧਰਨਾ ਲਾ ਦਿੱਤਾ।

ਇਸ ਦੌਰਾਨ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਏਡੀਸੀ ਪੂਨਮ ਸਿੰਘ, ਐੱਸਡੀਐੱਮ (ਤਲਵੰਡੀ ਸਾਬੋ) ਹਰਜਿੰਦਰ ਸਿੰਘ ਜੱਸਲ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ ਜਿੱਥੇ ਕਿਸਾਨ ਆਗੂਆਂ ਨੇ ਕੰਪਨੀ ਵੱਲੋਂ ਕਿਸਾਨਾਂ ਨਾਲ ਕੀਤੇ ਸਮਝੌਤੇ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਾਰੇ ਪੀੜਤ ਕਿਸਾਨਾਂ ਨੂੰ 24 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਗੱਲ ਕੀਤੀ। ਆਗੂਆਂ ਕਿਹਾ ਕਿ ਜਦੋਂ ਤੱਕ ਸਾਰੇ ਕਿਸਾਨਾਂ ਨੂੰ ਪੂਰਾ ਤੇ ਬਰਾਬਰ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਪਾਈਪਲਾਈਨ ਦਾ ਕੰਮ ਬੰਦ ਰੱਖਿਆ ਜਾਵੇਗਾ। ਮਸਲਾ ਹੱਲ ਨਾ ਹੋਣ ’ਤੇ ਕਿਸਾਨਾਂ ਅਤੇ ਪੁਲੀਸ ਵਿਚਕਾਰ ਬਹਿਸਬਾਜ਼ੀ ਹੋਈ। ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪਾਈਪਲਾਈਨ ਦਾ ਕੰਮ ਬੰਦ ਕਰਵਾਉਣਾ ਪਿਆ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਜਦ ਤੱਕ ਮਸਲਾ ਹੱਲ ਨਹੀਂ ਹੰਦਾ ਤੱਕ ਪਾਈਪਲਾਈਨ ਦਾ ਕੰਮ ਬੰਦ ਰਹੇਗਾ ਜਿਸ ਤੋਂ ਬਾਅਦ ਕਿਸਾਨਾਂ ਨੇ ਧਰਨਾ ਹਟਾ ਦਿੱਤਾ।