Punjab

ਭਾਜਪਾ ਵੱਲੋਂ ‘ਆਪ’ ਖ਼ਿਲਾਫ਼ ਸੂਬੇ ਭਰ ਵਿੱਚ ਮੁਜ਼ਾਹਰੇ

ਚੰਡੀਗੜ੍ਹ-ਪੰਜਾਬ ਭਾਜਪਾ ਨੇ ਅੱਜ ਸੂਬੇ ਵਿੱਚ ‘ਆਪ’ ਸਰਕਾਰ ਦੇ ਤਿੰਨ ਸਾਲ ਮੁਕੰਮਲ ਹੋਣ ’ਤੇ ਪੰਜਾਬ ਭਰ ਵਿੱਚ 150 ਥਾਵਾਂ ’ਤੇ ਮੁਜ਼ਾਹਰੇ ਕੀਤੇ। ਇਸ ਦੌਰਾਨ ਭਾਜਪਾ ਨੇ ਸੂਬਾ ਸਰਕਾਰ ਦੇ ਕੰਮਕਾਜ ’ਤੇ ਸਵਾਲ ਖੜ੍ਹੇ ਕਰਦਿਆਂ ਕੋਈ ਵੀ ਵਾਅਦਾ ਪੂਰਾ ਨਾ ਕਰਨ ਦੇ ਦੋਸ਼ ਲਗਾਏ। ਇਸ ਦੇ ਨਾਲ ਹੀ ਭਾਜਪਾ ਨੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਦੇ ਮੀਡੀਆ ਇੰਚਾਰਜ ਵਿਨੀਤ ਜੋਸ਼ੀ ਨੇ ਕਿਹਾ ਕਿ ‘ਆਪ’ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚੋਂ ਚਾਰ ਮਹੀਨਿਆਂ ਵਿੱਚ ਨਸ਼ਿਆਂ ਦਾ ਖਾਤਮਾ ਕਰਨ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਨਸ਼ਿਆਂ ਦਾ ਖਾਤਮਾ ਨਹੀਂ ਹੋ ਸਕਿਆ ਹੈ। ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਵਾਅਦਾ ਵੀ ਤਿੰਨ ਸਾਲ ਬਾਅਦ ਪੂਰਾ ਨਹੀਂ ਕੀਤਾ ਗਿਆ। ਅੱਜ ਪੰਜਾਬ ਦੀਆਂ ਔਰਤਾਂ ਇਕ ਹਜ਼ਾਰ ਰੁਪਏ ਮਹੀਨਾ ਦੇਣ ਦੇ ਵਾਅਦੇ ਵੱਲ ਦੇਖ ਰਹੀਆਂ ਹਨ।

ਇਸ ਤਰ੍ਹਾਂ ਸੂਬੇ ਦੀ ਹਰੇਕ ਔਰਤ ਦਾ ਸੂਬਾ ਸਰਕਾਰ ਵੱਲੋਂ 36 ਹਜ਼ਾਰ ਰੁਪਏ ਬਕਾਇਆ ਖੜ੍ਹਾ ਹੈ। ਇਸ ਤੋਂ ਇਲਾਵਾ ਰੇਤ ਮਾਫ਼ੀਆ ਤੇ ਭ੍ਰਿਸ਼ਟਾਚਾਰ ਦਾ ਖਾਤਮਾ ਨਹੀਂ ਹੋ ਸਕਿਆ।

ਸ੍ਰੀ ਜੋਸ਼ੀ ਨੇ ਕਿਹਾ ਕਿ ‘ਆਪ’ ਵੱਲੋਂ ਪੰਜਾਬ ਦੇ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਝੂਠ ਬੋਲ ਕੇ ਗੁਮਰਾਹ ਕੀਤਾ ਜਾ ਰਿਹਾ ਹੈ। ਭਾਜਪਾ ਵੱਲੋਂ ਸੂਬਾ ਸਰਕਾਰ ਦੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਰਵੱਈਏ ਦਾ ਪਰਦਾਫਾਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦੇ ਝੂਠੇ ਵਾਅਦਿਆਂ ਨੂੰ ਸਮਝ ਚੁੱਕੇ ਹਨ। ਉਹ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦਾ ਸਫਾਇਆ ਕਰਕੇ ਭਾਜਪਾ ਨੂੰ ਮੌਕਾ ਦੇਣਗੇ।