ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਮੱਕੀ ਦਾ ਨਵਾਂ ਬੀਜ: ਖੁੱਡੀਆਂ
ਚੰਡੀਗੜ੍ਹ-ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਪਾਣੀ ਦੀ ਘੱਟ ਖ਼ਪਤ ਤੇ ਵੱਧ ਝਾੜ ਵਾਲਾ ਮੱਕੀ ਦਾ ਨਵਾਂ ਹਾਈਬ੍ਰਿਡ ਪੀਐੱਮਐੱਚ-17 ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਇਸ ਹਾਈਬ੍ਰਿਡ ਕਿਸਮ ਦੀ ਬਿਜਾਈ ਮਈ ਦੇ ਆਖ਼ਰੀ ਹਫ਼ਤੇ ਤੋਂ ਜੂਨ ਦੇ ਅੰਤ ਤੱਕ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸਮ 96 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ। ਬਿਜਾਈ ਦਾ ਖ਼ਾਸ ਸਮਾਂ ਅਤੇ ਫ਼ਸਲ ਤਿਆਰ ਹੋਣ ਲਈ ਲੱਗਣ ਵਾਲਾ ਘੱਟ ਸਮਾਂ ਕਿਸਾਨਾਂ ਲਈ ਲਾਭਦਾਇਕ ਹੋ ਸਕਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਪੀਐੱਮਐੱਚ 17 ਪੰਜਾਬ ਦੇ ਕਿਸਾਨਾਂ ਲਈ ਨਵੀਂ ਉਮੀਦ ਪੈਦਾ ਕਰਨ ਵਾਲੀ ਮੱਕੀ ਦੀ ਨਵੀਂ ਹਾਈਬ੍ਰਿਡ ਕਿਸਮ ਹੈ। ਸਟਾਰਚ ਦੀ ਮਾਤਰਾ ਜ਼ਿਆਦਾ ਹੋਣ ਕਰ ਕੇ ਇਹ ਇਥਾਨੌਲ ਉਤਪਾਦਨ ਲਈ ਢੁੱਕਵੀਂ ਹੈ ਅਤੇ ਇਸ ਦਾ ਔਸਤਨ ਝਾੜ 25 ਕੁਇੰਟਲ ਪ੍ਰਤੀ ਏਕੜ ਹੈ। ਇਹ ਫਾਲ ਆਰਮੀਵਾਰਮ ਅਤੇ ਮੇਡਿਸ ਲੀਫ ਬਲਾਈਟ ਵਰਗੇ ਆਮ ਕੀੜਿਆਂ ਪ੍ਰਤੀ ਦਰਮਿਆਨੀ ਪ੍ਰਤੀਰੋਧਕ ਸ਼ਕਤੀ ਵਾਲੀ ਕਿਸਮ ਹੈ। ਇਸ ਦੇ ਚੌੜੇ ਤੇ ਖੜ੍ਹੇ, ਅਰਧ-ਖੁੱਲ੍ਹੇ ਟੈਸਲਜ਼ ਅਤੇ ਲੰਬੇ ਦਰਮਿਆਨੇ ਫਲਿੰਟ ਵਾਲੇ ਈਅਰ ਅਤੇ ਪੀਲੇ-ਸੰਤਰੀ ਦਾਣੇ ਹੁੰਦੇ ਹਨ, ਜੋ ਮਜ਼ਬੂਤ ਅਤੇ ਉਤਪਾਦਕ ਪੌਦੇ ਨੂੰ ਦਰਸਾਉਂਦੇ ਹਨ।