ਕਿਸਾਨ ਧਰਨਾ: ਪੁਲੀਸ ਨੇ ਸੀਲ ਕੀਤੀਆਂ ਚੰਡੀਗੜ੍ਹ ਦੀਆਂ ਹੱਦਾਂ
ਚੰਡੀਗੜ੍ਹ-ਸੰਯੁਕਤ ਕਿਸਾਨ ਮੋਰਚਾ (SKM) ਦੇ ਬੈਨਰ ਹੇਠ ਕਈ ਕਿਸਾਨ ਯੂਨੀਅਨਾਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਅੰਦੋਲਨ ਸ਼ੁਰੂ ਕਰਨ ਲਈ ਬੁੱਧਵਾਰ ਨੂੰ ਚੰਡੀਗੜ੍ਹ ਵੱਲ ਰਵਾਨਾ ਹੋ ਰਹੀਆਂ ਹਨ। ਇਸ ਲਈ ਚੌਕਸੀ ਵਰਤਦਿਆਂ ਚੰਡੀਗੜ੍ਹ ਪੁਲੀਸ ਨੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਕਰ ਕੇ ਸ਼ਹਿਰ ਵਿੱਚ ਦਾਖਲ ਹੋਣ ਵਾਲੀਆਂ ਸਾਰੀਆਂ ਹੱਦਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਸਫਰ ਕਰਨ ਵਾਲਿਆਂ ਨੂੰ ਕੁਝ ਰੂਟਾਂ ਤੋਂ ਬਚਣ ਲਈ ਇੱਕ ਸਲਾਹ ਜਾਰੀ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੜਕਾਂ, ਹਾਈਵੇਅ ਅਤੇ ਰੇਲਵੇ ਟਰੈਕ ਜਾਮ ਨਾ ਕਰਨ, ਕਿਉਂਕਿ ਇਸ ਨਾਲ ਆਮ ਜਨਤਾ ਨੂੰ ਮੁਸ਼ਕਲਾਂ ਪੇਸ਼ ਆਉਣਗੀਆਂ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਜੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ ਤਾਂ ਉਹ ਸੜਕਾਂ ਦੇ ਕਿਨਾਰਿਆਂ ’ਤੇ ਧਰਨਾ ਦੇਣ। ਉਨ੍ਹਾਂ ਸਮੂਹ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਕਿ ਉਹ ਚੰਡੀਗੜ੍ਹ ਵਿਖੇ ਪੱਕੇ ਮੋਰਚੇ ਵਿੱਚ ਸ਼ਾਮਲ ਹੋ ਕੇ ਜ਼ੋਰਦਾਰ ਢੰਗ ਨਾਲ ਰੋਸ ਦਰਜ ਕਰਵਾਉਣ, ਜਿੱਥੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਧਰਨੇ ਲਈ ਜਗ੍ਹਾ ਅਲਾਟ ਨਹੀਂ ਕੀਤੀ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਸ਼ਹਿਰ ਦੀਆਂ ਹੱਦਾਂ ’ਤੇ ਰੋਕਿਆ ਜਾਵੇਗਾ।
ਐੱਸਕੇਐੱਮ ਨੇ ਪੰਜਾਬ ਸਰਕਾਰ ’ਤੇ ਉਨ੍ਹਾਂ ਦੇ ਵਿਰੋਧ ਕਰਨ ਦੇ ਅਧਿਕਾਰ ਨੂੰ ਦਬਾਉਣ ਦਾ ਦੋਸ਼ ਲਗਾਇਆ ਹੈ। ਖੇਤੀ ਨੀਤੀ ਨੂੰ ਲਾਗੂ ਕਰਨ ਤੋਂ ਇਲਾਵਾ ਐੱਸਕੇਐੱਮ ਦੀਆਂ ਮੰਗਾਂ ਵਿੱਚ ਬੇਜ਼ਮੀਨੇ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਜ਼ਮੀਨ ਦੀ ਵੰਡ ਜਾਰੀ ਕਰਨਾ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨਾ ਸ਼ਾਮਲ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਐੱਸਕੇਐੱਮ ਦਰਮਿਆਨ ਸੋਮਵਾਰ ਨੂੰ ਹੋਈ ਗੱਲਬਾਤ ਦੇ ਫੇਲ੍ਹ ਹੋਣ ਤੋਂ ਬਾਅਦ ਬੀਤੇ ਦਿਨ ਤੋਂ ਉਗਰਾਹਾਂ ਸਮੇਤ ਕਿਸਾਨ ਆਗੂਆਂ ਦੇ ਘਰਾਂ ’ਤੇ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਕਿਸਾਨਾਂ ਦੀਆਂ ਮੰਗਾਂ ’ਤੇ ਚਰਚਾ ਕਰਨ ਵਾਲੀ ਗੱਲਬਾਤ ਸਿਰੇ ਨਹੀਂ ਲੱਗ ਸਕੀ ਸੀ ਜਿਸ ਤੋਂ ਬਾਅਦ ਆਗੂਆਂ ਨੇ ਐਲਾਨ ਕੀਤਾ ਕਿ ਉਹ ਚੰਡੀਗੜ੍ਹ ਵਿੱਚ ਵਿਸ਼ਾਲ ਧਰਨੇ ਦੇ ਸੱਦੇ ਨੂੰ ਅੱਗੇ ਵਧਾਉਣਗੇ।