ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਰੋਕਣ ਲਈ ਯਤਨਸ਼ੀਲ: ਗੋਇਲ
ਤਲਵਾੜਾ-ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਅੱਜ ਇੱਥੇ ਪੌਂਗ ਡੈਮ ਅਤੇ ਸ਼ਾਹ ਨਹਿਰ ਦਾ ਦੌਰਾ ਕੀਤਾ। ਸ਼ਾਹ ਨਹਿਰ ਬੈਰਾਜ ’ਤੇ ਉਨ੍ਹਾਂ ਨੂੰ ਪੁਲੀਸ ਦੀ ਟੁਕੜੀ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਦੌਰਾਨ ਕੈਬਨਿਟ ਮੰਤਰੀ ਗੋਇਲ ਨੇ ਖਣਨ ਅਤੇ ਭੂ-ਵਿਗਿਆਨ, ਭੂਮੀ ਤੇ ਜਲ ਸੰਭਾਲ ਅਤੇ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕੰਮਕਾਜ ਦੀ ਸਮੀਖਿਆ ਕੀਤੀ।
ਮੀਟਿੰਗ ਮਗਰੋਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਕਿ ਬੀਤੇ ਦਿਨੀਂ ਰਾਵੀ-ਬਿਆਸ ਟ੍ਰਿਬਿਊਨਲ ਵੱਲੋਂ ਪੌਂਗ ਡੈਮ ਅਤੇ ਸ਼ਾਹ ਨਹਿਰ ਬੈਰਾਜ ਦਾ ਦੌਰਾ ਕੀਤਾ ਗਿਆ ਸੀ। ਉਸੇ ਸਬੰਧ ਵਿੱਚ ਅੱਜ ਉਨ੍ਹਾਂ ਖੁਦ ਵਿਭਾਗ ਦੇ ਕੰਮਕਾਜ ਅਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਾਜਾਇਜ਼ ਮਾਈਨਿੰਗ ਰੋਕਣ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਮਹੱਤਵਪੂਰਨ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਾ ਕੇ ਨਜ਼ਰ ਰੱਖੀ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਨੇ ਜਿਹੜੇ ਸੁਧਾਰ ਕੀਤੇ ਹਨ, ਉਹ ਪਿਛਲੀਆਂ ਸਰਕਾਰਾਂ ਦੌਰਾਨ ਕਦੇ ਨਹੀਂ ਹੋਏ। ਇਸ ਮੌਕੇ ਕੈਬਨਿਟ ਮੰਤਰੀ ਨਾਲ ਟਾਂਡਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਦਸੂਹਾ ਹਲਕੇ ਦੇ ਵਿਧਾਇਕ ਕਰਮਬੀਰ ਘੁੰਮਣ ਵੀ ਮੌਜਦ ਸਨ।
ਬਲਾਕ ਹਾਜੀਪੁਰ ਦੇ ਪਿੰਡ ਪੱਤੀ ਨਵੇਂ ਘਰ ਅਤੇ ਪੱਤੀ ਨਾਮ ਨਗਰ ਵਾਸੀਆਂ ਵੱਲੋਂ ਰਿਹਾਇਸ਼ੀ ਆਬਾਦੀ ਨੇੜੇ ਲਗਾਏ ਜਾ ਰਹੇ ਨਵੇਂ ਕਰੱਸ਼ਰਾਂ ਖ਼ਿਲਾਫ਼ ਪੱਕੇ ਮੋਰਚੇ ਜਾਰੀ ਹਨ। ‘ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ’ ਦੇ ਪ੍ਰਧਾਨ ਅਜੈਬ ਸਿੰਘ ਮੱਖੂ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਲਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਧਰਨਾ ਅੱਜ 60ਵੇਂ ਦਿਨ ਵੀ ਜਾਰੀ ਰਿਹਾ।