_*ਜ਼ਿਲ੍ਹਾ ਪੱਧਰੀ ਕਵਿਤਾ ਉਚਾਰਨ ਅਤੇ ਲੇਖ ਮੁਕਾਬਲੇ ਕਰਵਾਏ ਗਏ*_
ਜਲੰਧਰ, 2 ਅਗਸਤ ( ਚਰਨਜੀਤ ਸਿੰਘ ) ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇ ਨੂੰ ਸਮਰਪਿਤ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਤਹਿਤ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਉੱਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਰਾਜੀਵ ਜੋਸ਼ੀ, ਨੋਡਲ ਅਫਸਰ ਪ੍ਰਿੰਸੀਪਲ ਅਨਿਲ ਕੁਮਾਰ ਅਵਸਥੀ ਅਤੇ ਸਹਾਇਕ ਨੋਡਲ ਅਫਸਰ ਪ੍ਰਿੰਸੀਪਲ ਦਿਨੇਸ਼ ਵਰਮਾ ਦੀ ਅਗਵਾਈ ਹੇਠ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਸਕੂਲ ਵਿੱਚ ਜ਼ਿਲ੍ਹਾ ਪੱਧਰੀ ਕਵਿਤਾ ਉਚਾਰਨ ਅਤੇ ਲੇਖ ਮੁਕਾਬਲੇ ਕਰਵਾਏ ਗਏ। ਤਹਿਸੀਲ ਪੱਧਰੀ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਵੱਲੋਂ ਇਨ੍ਹਾਂ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਅੱਜ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਤਹਿਸੀਲ ਪੱਧਰੀ ਮੁਕਾਬਲਿਆਂ ਦੇ 50 ਦੇ ਕਰੀਬ ਜੇਤੂ ਵਿਦਿਆਰਥੀਆਂ ਦਰਮਿਆਨ ਇਹ ਮੁਕਾਬਲੇ ਕਰਵਾਏ ਗਏ । ਕਵਿਤਾ ਉਚਾਰਣ ਦੇ ਮੁਕਾਬਲਿਆਂ ਅਧੀਨ ਜੂਨੀਅਰ ਵਰਗ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਚਰੰਗਾ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਢੱਡਾ ਨੇ ਦੂਸਰਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੁਰਦਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ ਢੱਡਾ ਨੇ ਦੂਸਰਾ ਅਤੇ ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਰਜੀਆਂ ਕਲਾਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੇਰਾਂ ਨੇ ਸੰਯੁਕਤ ਰੂਪ ਨਾਲ ਪ੍ਰਾਪਤ ਕੀਤਾ। ਲੇਖ ਮੁਕਾਬਲਿਆਂ ਦੇ ਜੂਨੀਅਰ ਵਰਗ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਚਾਨੀਆਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਰਾਏਪੁਰ ਰਸੂਲਪੁਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਜ਼ਾਰਾਂ ਨੇ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੇਰਾਂ ਨੇ ਤੀਸਰਾ ਸਥਾਨ ਹਾਸਲ ਕੀਤਾ।ਇਸ ਮੌਕੇ ਮੁੱਖ ਮਹਿਮਾਨ ਅਨਿਲ ਕੁਮਾਰ ਅਵਸਥੀ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਭਾਗ ਲੈਣ ਵਾਲੇ ਸਕੂਲਾਂ ਦੇ ਵਿਦਿਆਰਥੀ ਅਤੇ ਉਨ੍ਹਾਂ ਨਾਲ ਆਏ ਗਾਈਡ ਅਧਿਆਪਕ ਮੌਜੂਦ ਸਨ।