_*ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਜਮਸ਼ੇਰ ਖਾਸ ਬਣਿਆ ਅੱਵਲ*_ *ਸਰਕਾਰੀ ਮਿਡਲ ਸਕੂਲ ਖੋਜਪੁਰ ਅਤੇ ਸਰਕਾਰੀ ਹਾਈ ਸਕੂਲ ਰਹੀਮਪੁਰ ਵੀ ਆਪਣੀ ਸ਼੍ਰੇਣੀ ਵਿਚ ਬੈਸਟ*
ਜਲੰਧਰ 24 ਜੁਲਾਈ ( ਚਰਨਜੀਤ ਸਿੰਘ ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦੇ ਚਲਦਿਆਂ ਹੁਣ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਜਲੰਧਰ ਦੇ ਤਿੰਨ ਸਕੂਲਾਂ ਨੂੰ ਬਿਹਤਰੀਨ ਸਕੂਲਾਂ ਵਜੋਂ ਚੁਣਿਆ ਗਿਆ ਹੈ। ਮਿਡਲ ਸਕੂਲਾਂ ਦੀ ਸ਼੍ਰੇਣੀ ਵਿਚ ਸਰਕਾਰੀ ਮਿਡਲ ਸਕੂਲ ਖੋਜਪੁਰ, ਹਾਈ ਸਕੂਲਾਂ ਦੀ ਸ਼੍ਰੇਣੀ ਵਿੱਚ ਸਰਕਾਰੀ ਹਾਈ ਸਕੂਲ ਰਹੀਮਪੁਰ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਸ਼੍ਰੇਣੀ ਵਿੱਚ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਜਮਸ਼ੇਰ ਖਾਸ ਨੂੰ ਚੁਣਿਆ ਗਿਆ।ਪੂਰੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਵੱਖ ਵੱਖ ਮਾਪਦੰਡਾਂ ਤੇ ਆਧਾਰਿਤ ਇੱਕ ਸਰਵੇ ਕਰਵਾਇਆ ਗਿਆ ਸੀ ਜਿਸ ਦੇ ਨਤੀਜਿਆ ਵਿੱਚ ਪੰਜਾਬ ਦੇ ਹਰੇਕ ਜ਼ਿਲ੍ਹੇ ਵਿਚੋਂ ਤਿੰਨ ਵਧੀਆ ਸਕੂਲ ਚੁਣੇ ਗਏ। ਸਕੂਲ ਸਿੱਖਿਆ ਵਿਭਾਗ,ਪੰਜਾਬ ਵੱਲੋਂ ਸਰਕਾਰੀ ਮਿਡਲ ਸਕੂਲ ਖੋਜਪੁਰ ਨੂੰ 5 ਲੱਖ ਰੁਪਏ, ਸਰਕਾਰੀ ਹਾਈ ਸਕੂਲ ਰਹੀਮਪੁਰ ਨੂੰ 7.5 ਲੱਖ ਰੁਪਏ ਅਤੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ ਨੂੰ 10 ਲੱਖ ਰੁਪਏ ਦੀ ਵੱਡੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ ਦੇ ਪ੍ਰਿੰਸੀਪਲ ਅਸ਼ੋਕ ਬਸਰਾ ਨੇ ਦੱਸਿਆ ਕਿ ਮੇਰੇ ਸਕੂਲ ਦੀ ਟੀਮ ਅਤੇ ਸਟਾਫ਼ ਦੇ ਸਹਿਯੋਗ ਸਦਕਾ ਇਸ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਵਿਦਿਆਰਥੀਆਂ ਦੇ ਦਾਖਲੇ , ਸਕੂਲ ਦੀਆਂ ਜਮਾਤਾਂ ਦੇ ਨਤੀਜਿਆਂ, ਖੇਡਾਂ ਵਿੱਚ ਸ਼ਮੂਲੀਅਤ ਅਤੇ ਪ੍ਰਾਪਤੀਆਂ ਕਾਰਣ ਹੀ ਇਹ ਉਪਲੱਬਧੀ ਹਾਸਲ ਕੀਤੀ ਹੈ। ਉਨ੍ਹਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਕੂਲ ਦੀ ਤਰੱਕੀ ਲਈ ਯਤਨ ਕੀਤੇ ਜਾਣਗੇ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੀਵ ਜੋਸ਼ੀ ਵੱਲੋਂ ਜੇਤੂ ਸਕੂਲਾਂ ਦੇ ਮੁਖੀਆਂ ਅਤੇ ਸਟਾਫ ਮੈਂਬਰਜ਼ ਨੂੰ ਵਧਾਈ ਦਿੰਦਿਆ ਅੱਗੋਂ ਤੋਂ ਵੀ ਸਕੂਲਾਂ ਦੀ ਤਰੱਕੀ ਅਤੇ ਬਿਹਤਰੀਨ ਸਿੱਖਿਆ ਦੇਣ ਲਈ ਵਚਨਬੱਧ ਕੀਤਾ ਗਿਆ