ਪੰਜਾਬ: ਮੋਹਾਲੀ ਬਲਾਸਟ ਮਾਮਲੇ ‘ਚ ਡੀਜੀਪੀ ਨੇ ਕੀਤਾ ਵੱਡਾ ਖੁਲਾਸਾ।
ਚੰਡੀਗੜ੍ਹ ਪੰਜਾਬ ਦੇ ਡੀਜੀਪੀ ਵੀਕੇ ਭਾਵਰਾ ਨੇ ਪੰਜਾਬ ਦੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਦਫਤਰ ‘ਚ ਹੋਏ ਬੰਬ ਧਮਾਕੇ ਦੇ ਮਾਮਲੇ ‘ਚ ਵੱਡਾ ਖੁਲਾਸਾ ਕੀਤਾ ਹੈ। ਅੱਜ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਡੀਜੀਪੀ ਨੇ ਦੱਸਿਆ ਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਲਖਬੀਰ ਸਿੰਘ ਲੰਡਾ ਹੈ, ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ। ਲੰਡਾ 2017 ਵਿੱਚ ਕੈਨੇਡਾ ਸ਼ਿਫਟ ਹੋ ਗਿਆ ਸੀ। ਇਸ ਦੇ ਨਾਲ ਨਿਸ਼ਾਨ ਸਿੰਘ ਅਤੇ ਚੜ੍ਹਤ ਸਿੰਘ ਸਮੇਤ 2 ਹੋਰ ਦੋਸ਼ੀ ਹਨ। ਡੀਜੀਪੀ ਨੇ ਕਿਹਾ ਕਿ ਇਸ ਹਮਲੇ ਦੀਆਂ ਤਾਰਾਂ ਗੈਂਗਸਟਰਾਂ ਅਤੇ ਅੱਤਵਾਦੀਆਂ ਨਾਲ ਸਬੰਧਤ ਹਨ। ਇਸ ਹਮਲੇ ‘ਚ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਤਿੰਨ ਲੋਕਾਂ ਦੀ ਭਾਲ ਜਾਰੀ ਹੈ। ਦੱਸ ਦੇਈਏ ਕਿ ਸੋਮਵਾਰ ਸ਼ਾਮ ਕਰੀਬ 7.30 ਵਜੇ ਪੰਜਾਬ ਪੁਲਿਸ ਦੇ ਮੋਹਾਲੀ ਸਥਿਤ ਗੁਰਦੁਆਰਾ ਸੋਹਾਣਾ ਸਾਹਿਬ ਨੇੜੇ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ‘ਤੇ ਧਮਾਕਾ ਹੋਇਆ, ਜਿਸ ਤੋਂ ਬਾਅਦ ਪੂਰੇ ਇਲਾਕੇ ‘ਚ ਸਨਸਨੀ ਫੈਲ ਗਈ। ਧਮਾਕੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਖੁਫੀਆ ਵਿਭਾਗ ਦੇ ਦਫਤਰ ਦੀ ਤੀਜੀ ਮੰਜ਼ਿਲ ‘ਤੇ ਰਾਕੇਟ ਵਰਗੀ ਚੀਜ਼ ਡਿੱਗੀ, ਜਿਸ ਕਾਰਨ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ ਦਫ਼ਤਰ ਦੀਆਂ ਕਈ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ ਖੁਸ਼ਕਿਸਮਤੀ ਨਾਲ ਇਸ ਧਮਾਕੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।