National

ਉਮਰ ਵੱਲੋਂ ਪੰਜਾਬ ਨੂੰ ਪਾਣੀ ਦੇਣ ਦਾ ਵਿਰੋਧ

ਚੰਡੀਗੜ੍ਹ-ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸਿੰਧ ਪ੍ਰਣਾਲੀ ਜ਼ਰੀਏ ਪੰਜਾਬ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ ਹੈ ਜਿਸ ਮਗਰੋਂ ਪੰਜਾਬ ’ਚ ਸਿਆਸੀ ਮਾਹੌਲ ਮੁੜ ਭਖ ਗਿਆ ਹੈ। ਪਾਣੀਆਂ ਨੂੰ ਲੈ ਕੇ ਪੰਜਾਬ ਦਾ ਪਹਿਲਾਂ ਹੀ ਗੁਆਂਢੀ ਸੂਬਿਆਂ ਨਾਲ ਕਿਸੇ ਨਾ ਕਿਸੇ ਮੁੱਦੇ ’ਤੇ ਵਿਵਾਦ ਰਿਹਾ ਹੈ। ਹੁਣ ਜਦੋਂ ਕੇਂਦਰ ਸਰਕਾਰ ਦੇ ਪ੍ਰਸਤਾਵ ਅਨੁਸਾਰ ਜੰਮੂ ਕਸ਼ਮੀਰ ਤੋਂ ਵਾਧੂ ਪਾਣੀ 113 ਕਿਲੋਮੀਟਰ ਲੰਬੀ ਨਹਿਰ ਬਣਾ ਕੇ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ ਤਾਂ ਉਮਰ ਅਬਦੁੱਲਾ ਨੇ ਨਵਾਂ ਸਟੈਂਡ ਲੈ ਲਿਆ ਹੈ।

ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਪਿਛਲੇ ਦਿਨੀਂ ਪੰਜਾਬ ਦੌਰੇ ਦੌਰਾਨ ਕਿਹਾ ਸੀ ਕਿ ਸਿੰਧ ਜਲ ਸੰਧੀ ਦਾ ਪਾਣੀ ਉੱਤਰੀ ਸੂਬਿਆਂ ਨੂੰ ਦਿੱਤਾ ਜਾਵੇਗਾ। ਕੇਂਦਰੀ ਜਲ ਸਰੋਤ ਮੰਤਰਾਲੇ ਪਿਛਲੇ ਕੁੱਝ ਸਮੇਂ ਤੋਂ ਨਵੀਂ ਨਹਿਰ ਬਣਾਉਣ ਦੀ ਤਜਵੀਜ਼ ਬਣਾ ਰਿਹਾ ਹੈ। ਇਸੇ ਦੌਰਾਨ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਖ ਦਿੱਤਾ ਹੈ ਕਿ ਉਨ੍ਹਾਂ ਕੋਲ ਤਾਂ ਖ਼ੁਦ ਪਾਣੀ ਨਹੀਂ ਹੈ ਅਤੇ ਉਹ ਪੰਜਾਬ ਨੂੰ ਪਾਣੀ ਕਿਉਂ ਦੇਣਗੇ। ਅਬਦੁੱਲਾ ਨੇ ਕਿਹਾ ਕਿ ਉਹ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੇ।

ਉਨ੍ਹਾਂ ਤਰਕ ਦਿੱਤਾ ਕਿ ਜੰਮੂ ਵਿੱਚ ਪਹਿਲਾਂ ਹੀ ਸੋਕੇ ਵਰਗੀ ਸਥਿਤੀ ਬਣੀ ਹੋਈ ਹੈ। ਅਬਦੁੱਲਾ ਨੇ ਸ਼ਾਹਪੁਰ ਕੰਡੀ ਡੈਮ ਦਾ ਹਵਾਲਾ ਦਿੱਤਾ ਕਿ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਵਾਸਤੇ ਰਾਵੀ ਦਰਿਆ ’ਤੇ ਡੈਮ ਬਣਾਇਆ ਗਿਆ ਹੈ। ਉਨ੍ਹਾਂ ਦੇ ਇਸ ਰੁਖ ’ਤੇ ਪੰਜਾਬ ਸਰਕਾਰ ਦਾ ਹਾਲੇ ਤੱਕ ਅਧਿਕਾਰਤ ਬਿਆਨ ਨਹੀਂ ਆਇਆ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਉਮਰ ਅਬਦੁੱਲਾ ਦਾ ਪੈਂਤੜਾ ਪੰਜਾਬ ਨਾਲ ਇੱਕ ਹੋਰ ਅਨਿਆਂ ਦਾ ਯਤਨ ਹੈ।

ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੰਧ ਸਮਝੌਤੇ ਦੇ ਪਾਣੀਆਂ ਦੀ ਵੰਡ ਵੇਲੇ ਪੰਜਾਬ ਨਾਲ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਵੱਲੋਂ ਕੀਤੇ ਇਤਿਹਾਸਕ ਅਨਿਆਂ ਨੂੰ ਦਰੁਸਤ ਕਰੇ। ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਸ ਵੇਲੇ ਦੀ ਇੰਦਰਾ ਗਾਂਧੀ ਸਰਕਾਰ ਨੇ ਗੈਰ ਰੀਪੇਰੀਅਨ ਰਾਜ ਰਾਜਸਥਾਨ ਨੂੰ ਦਰਿਆਈ ਪਾਣੀਆਂ ਦਾ ਵੱਡਾ ਹਿੱਸਾ ਦੇ ਕੇ ਪੰਜਾਬ ਨਾਲ ਵੱਡਾ ਅਨਿਆਂ ਕੀਤਾ ਸੀ। ਉਨ੍ਹਾਂ ਕਿਹਾ ਕਿ ਹਰ ਵਾਰ ਦਰਿਆਈ ਪਾਣੀ ਖੋਹਣ ਦਾ ਅਨਿਆਂ ਪੰਜਾਬ ਨਾਲ ਹੀ ਹੁੰਦਾ ਹੈ।

ਚੀਮਾ ਨੇ ਕਿਹਾ ਕਿ ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ਲਈ ਆਪਣੇ ਜ਼ਮੀਨੀ ਪਾਣੀ ਗੁਆ ਲਏ ਅਤੇ ਹੁਣ ਦਰਿਆਵਾਂ ਵਿੱਚ ਪਾਣੀ ਦੀ ਮਾਤਰਾ ਕਾਫ਼ੀ ਘੱਟ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਸਿੰਧ ਜਲ ਸਮਝੌਤੇ ਦੇ ਪ੍ਰਾਜੈਕਟ ਤੋਂ ਵਾਧੂ ਪਾਣੀ ਦੇਣਾ ਯਕੀਨੀ ਬਣਾਵੇ। ਚੀਮਾ ਨੇ ਉਮਰ ਅਬਦੁੱਲਾ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਜਿਹੇ ਖ਼ਤਰਨਾਕ ਬਿਆਨ ਜਾਰੀ ਨਾ ਕਰਨ।