ਮੋਦੀ ਸਰਕਾਰ ਨੇ ਸਿਹਤ ਖੇਤਰ ਦੀਆਂ ਮੁਸ਼ਕਲਾਂ ਦਾ ਕੱਢਿਆ ਹੱਲ: ਸ਼ਾਹ
ਬੰਗਲੂਰੂ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਿਹਤ ਸਮੱਸਿਆਵਾਂ ਨਾਲ ਸਬੰਧਤ ਮੁੱਦਿਆਂ ਦੇ ਹੱਲ ’ਤੇ ਮੋਦੀ ਸਰਕਾਰ ਨੇ ਉਚੇਚੇ ਤੌਰ ’ਤੇ ਧਿਆਨ ਦਿੱਤਾ ਹੈ। ਸ਼ਾਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ 60 ਕਰੋੜ ਗਰੀਬ ਲੋਕਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਹੈ। ਗ੍ਰਹਿ ਮੰਤਰੀ ਨੇ ਆਦਿਚੁਨਚਨਾਗਿਰੀ ਯੂਨੀਵਰਸਿਟੀ ਦੇ ਬੰਗਲੂਰੂ ਕੈਂਪਸ ਦੇ ਉਦਘਾਟਨ ਮੌਕੇ ਇਹ ਗੱਲ ਆਖੀ। ਉਨ੍ਹਾਂ ਕਿਹਾ, ‘‘ਸਾਡੇ ਆਗੂ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਕਈ ਸਾਲ ਪਹਿਲਾਂ ਗੁਜਰਾਤ ’ਚ ਕਿਹਾ ਸੀ ਕਿ ਗਰੀਬੀ ਦਾ ਸਭ ਤੋਂ ਵੱਡਾ ਮੁੱਦਾ ਬਿਮਾਰੀ ਅਤੇ ਇਲਾਜ ਦਾ ਖ਼ਰਚ ਹੈ। ਮੈਂ ਅੱਜ ਮਾਣ ਨਾਲ ਆਖ ਸਕਦਾ ਹਾਂ ਕਿ ਮੋਦੀ ਨੇ ਪ੍ਰਧਾਨ ਮੰਤਰੀ ਬਣਦਿਆਂ ਹੀ 60 ਕਰੋੜ ਗਰੀਬਾਂ ਨੂੰ ਪੰਜ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾ ਕੇ ਇਸ ਸੁਫ਼ਨੇ ਨੂੰ ਪੂਰਾ ਕੀਤਾ ਹੈ।’’ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿਹਤ ਦੀ ਸਮੱਸਿਆ ’ਤੇ ਵੱਡੇ ਪੱਧਰ ਉਪਰ ਧਿਆਨ ਦਿੱਤਾ ਜਿਸ ’ਚ ਫਿਟ ਇੰਡੀਆ ਅੰਦੋਲਨ, ਯੋਗ ਦਿਵਸ, ਮਿਸ਼ਨ ਇੰਦਰਧਨੁਸ਼ ਤੇ ਪੋਸ਼ਣ ਮੁਹਿੰਮ, ਆਯੁਸ਼ਮਾਨ ਭਾਰਤ, ਭਾਰਤੀ ਜਨਔਸ਼ਧੀ ਪਰਿਯੋਜਨਾ ਅਤੇ ਕਰੀਬ 12 ਕਰੋੜ ਘਰਾਂ ’ਚ ਪਖਾਨੇ ਬਣਾਉਣ ਜਿਹੇ ਕਦਮ ਸ਼ਾਮਲ ਹਨ।