ਬਿਸ਼ਨੋਈ ਗੈਂਗ ਦੇ ਪੰਜ ਮੈਂਬਰ ਪਿੰਡ ਦੌਣ ਕਲਾਂ ਤੋਂ ਗ੍ਰਿਫ਼ਤਾਰ
ਪਟਿਆਲਾ-ਪੁਲੀਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਛੇ ਪਿਸਤੌਲ, ਦੇਸੀ ਕੱਟਾ, ਦਸ ਮੈਗਜ਼ੀਨ ਅਤੇ 11 ਕਾਰਤੂਸ ਬਰਾਮਦ ਕੀਤੇ ਗਏ ਹਨ। ਜ਼ਿਲ੍ਹਾ ਪੁਲੀਸ ਮੁਖੀ ਵਰੁਣ ਸ਼ਰਮਾ ਨੇ ਅੱਜ ਇੱਥੇ ਪੁਲੀਸ ਲਾਈਨ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਤੇਜਿੰਦਰ ਸਿੰਘ ਉਰਫ ਫ਼ੌਜੀ ਵਾਸੀ ਪਿੰਡ ਦੌਣ ਕਲਾਂ, ਰਾਹੁਲ ਕੱਦੂ ਵਾਸੀ ਪਿੰਡ ਬੜਾਊਆ ਜ਼ਿਲ੍ਹਾ ਵਧਾਈਆ (ਯੂਪੀ) ਹਾਲ ਵਾਸੀ ਜ਼ੀਰਕਪੁਰ, ਵਿਪਲ ਕੁਮਾਰ ਬਿੱਟੂ ਵਾਸੀ ਪਿੰਡ ਰਾਮਨਗਰ ਮੇਰਠ ਯੂਪੀ, ਸੁਖਚੈਨ ਸਿੰਘ ਉਰਫ ਸੁੱਖੀ ਵਾਸੀ ਪਿੰਡ ਸਿਆਲੂ ਘਨੌਰ, ਦੇਵ ਕਰਨ ਵਾਸੀ ਪਿੰਡ ਕਲਿਆਣਪੁਰ ਮੇਰਠ ਯੂਪੀ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸੁਪਾਰੀ ਲੈ ਕੇ ਕਤਲ ਤੇ ਹੋਰ ਸੰਗੀਨ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ।
ਉਨ੍ਹਾਂ ਦੱਸਿਆ ਕਿ ਐੱਸਪੀ ਪੀਬੀਆਈ (ਪੰਜਾਬ ਬਿਊਰੋ ਆਫ ਇਨਵੈਸਟੀਗੇਸ਼ਨ) ਸਵਰਨਜੀਤ ਕੌਰ ਤੇ ਐੱਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਟੀਮ ਬਣਾਈ ਗਈ ਸੀ। ਇਹ ਗ੍ਰਿਫ਼ਤਾਰੀਆਂ ਬੀਐੱਨਐੱਸ ਦੀਆਂ ਧਾਰਾਵਾਂ ਤਹਿਤ ਕੀਤੀਆਂ ਗਈਆਂ ਹਨ।
ਐੱਸਐੱਸਪੀ ਨੇ ਦੱਸਿਆ ਕਿ 24 ਮਈ ਨੂੰ ਪਿੰਡ ਦੌਣ ਕਲਾਂ ਦੇ ਵਾਸੀ ਦਲਵਿੰਦਰ ਸਿੰਘ ਦੀ ਕੁੱਟਮਾਰ ਦੇ ਮਾਮਲੇ ਵਿੱਚ ਤੇਜਿੰਦਰ ਸਿੰਘ ਉਰਫ ਫ਼ੌਜੀ ਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਤੇਜਿੰਦਰ ਸਿੰਘ ਫ਼ੌਜੀ ਜੇਲ੍ਹ ਵਿੱਚ ਬੰਦ ਹੈ। ਉਸ ਨੂੰ ਕੇਂਦਰੀ ਜੇਲ੍ਹ ਫਿਰੋਜ਼ਪੁਰ ਤੋਂ ਪ੍ਰੋਡੱਕਸਨ ਵਾਰੰਟ ਹਾਸਲ ਕਰਕੇ 13 ਜੂਨ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁੱਛ ਪੜਤਾਲ ਦੌਰਾਨ ਕਬੂਲ ਕੀਤਾ ਕਿ ਉਸ ਨੇ ਜੇਲ੍ਹ ਵਿੱਚ ਸੁਖਚੈਨ ਸਿੰਘ ਸੁੱਖੀ, ਰਾਹੁਲ ਕੱਦੂ, ਵਿਪਲ ਕੁਮਾਰ ਬਿੱਟੂ ਤੇ ਦੇਵ ਕਰਨ ਤੋਂ ਦਲਵਿੰਦਰ ਸਿੰਘ ਦੀ ਕੁੱਟਮਾਰ ਕਰਵਾਈ ਸੀ ਜਿਸਦੇ ਅਧਾਰ ’ਤੇ ਇਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਅਤੇ ਉਸੇ ਦਿਨ ਸੁਖਚੈਨ ਸਿੰਘ ਉਰਫ ਸੁੱਖੀ ਅਤੇ ਰਾਹੁਲ ਉਰਫ ਕੱਦੂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਐੱਸਐੱਸਪੀ ਨੇ ਦੱਸਿਆ ਕਿ ਵਿਪਲ ਕੁਮਾਰ ਬਿੱਟੂ ਤੇ ਦੇਵ ਕਰਨ ਦੀ ਨਿਸ਼ਾਨਦੇਹੀ ’ਤੇ .32 ਬੋਰ ਦਾ ਪਿਸਤੌਲ, ਸੱਤ ਕਾਰਤੂਸ, ਦੋ ਮੈਗਜ਼ੀਨ ਅਤੇ ਇੱਕ ਦੇਸੀ ਕੱਟਾ ਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਅਸਲਾ ਮੱਧ ਪ੍ਰਦੇਸ਼ ਤੋਂ ਲਿਆ ਕੇ ਮਹਿੰਗੇ ਭਾਅ ’ਤੇ ਵੇਚਦੇ ਸਨ। ਇਸੇ ਤਰ੍ਹਾਂ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 18 ਜੂਨ ਨੂੰ ਤਿੰਨ .30 ਬੋਰ ਪਿਸਤੌਲ ਅਤੇ ਦੋ .32 ਬੋਰ ਪਿਸਤੌਲ, ਅੱਠ ਮੈਗਜ਼ੀਨ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ ਗਏ।
ਥਾਣਾ ਸਦਰ ਪਟਿਆਲਾ ਦੇ ਮੁਖੀ ਇੰਸਪੈਕਟਰ ਅੰਮ੍ਰਿਤਵੀਰ ਸਿੰਘ ਨੇ ਦੱਸਿਆ ਕਿ ਤੇਜਿੰਦਰ ਸਿੰਘ ਫੌਜੀ ਦੀ ਨਿਸ਼ਾਨਦੇਹੀ ਤੇ ਪਿੰਡ ਦੌਣ ਕਲਾਂ ਵਿਚ ਪੁਲੀਸ ਨੇ ਛਾਪਾ ਮਾਰਿਆ ਉਥੋਂ ਹੀ ਇਹ ਸਾਰੇ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ, ਇਨ੍ਹਾਂ ਨੇ ਇਕ ਹੋਰ ਕਤਲ ਕਰਨ ਦੀ ਸੁਪਾਰੀ ਲਈ ਹੋਈ ਸੀ, ਜਿਸ ਨੂੰ ਮਾਰਨ ਦੀ ਇਹ ਤਿਆਰੀ ਕਰ ਰਹੇ ਸਨ।