Global

ਰਾਜਾ ਰਘੂਵੰਸ਼ੀ ਹੱਤਿਆ: ਮੁਲਜ਼ਮਾਂ ਨੂੰ ਸੋਹਰਾ ਲਿਆ ਕੇ ਘਟਨਾ ਦਾ ਦ੍ਰਿਸ਼ ਮੁੜ ਸਿਰਜਿਆ

ਸ਼ਿਲੋਂਗ-ਇੰਦੌਰ ਦੇ ਕਾਰੋਬਾਰੀ ਰਾਜਾ ਰਘੂਵੰਸ਼ੀ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਮੇਘਾਲਿਆ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਹੁਣ ਮੱਧ ਪ੍ਰਦੇਸ਼ ਗਈ ਹੈ। ਇਸ ਦੌਰਾਨ ਪਤਾ ਲਾਇਆ ਜਾਵੇਗਾ ਕਿ ਕੀ ਇਸ ਹੱਤਿਆ ਪਿੱਛੇ ਕੋਈ ਵਿੱਤੀ ਕਾਰਨ ਤਾਂ ਨਹੀਂ ਹੈ। ਇਸ ਤੋਂ ਪਹਿਲਾਂ ਮੇਘਾਲਿਆ ਪੁਲੀਸ ਸੋਨਮ ਸਮੇਤ ਸਾਰੇ ਮੁਲਜ਼ਮਾਂ ਨੂੰ ਸੋਹਰਾ ਲੈ ਕੇ ਗਈ, ਜਿੱਥੇ ਭਾਰੀ ਸੁਰੱਖਿਆ ਹੇਠ ਘਟਨਾ ਦਾ ਦ੍ਰਿਸ਼ ਮੁੜ ਸਿਰਜਿਆ ਗਿਆ।

ਰਾਜਾ ਆਪਣੀ ਪਤਨੀ ਸੋਨਮ ਨਾਲ ਹਨੀਮੂਨ ਮਨਾਉਣ ਲਈ ਇੱਥੇ ਆਇਆ ਸੀ ਅਤੇ 23 ਮਈ ਨੂੰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਸੋਨਮ, ਉਸ ਦੇ ਕਥਿਤ ਪ੍ਰੇਮੀ ਰਾਜ ਅਤੇ ਤਿੰਨ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮ ਮੇਘਾਲਿਆ ਪੁਲੀਸ ਦੀ ਹਿਰਾਸਤ ਵਿੱਚ ਹਨ ਅਤੇ ਵਿਸ਼ੇਸ਼ ਜਾਂਚ ਟੀਮ (ਸਿਟ) ਮਾਮਲੇ ਦੀ ਜਾਂਚ ਕਰ ਰਹੀ ਹੈ।

ਜ਼ਿਲ੍ਹਾ ਪੁਲੀਸ ਸੁਪਰਡੈਂਟ ਵਿਵੇਕ ਸਯੀਮ ਨੇ ਦੱਸਿਆ, ‘ਸਾਡੀ ਟੀਮ ਇੰਦੌਰ ਵਿੱਚ ਹੈ ਅਤੇ ਕੁਝ ਲੋਕਾਂ ਤੋਂ ਪੁੱਛ-ਪੜਤਾਲ ਕਰ ਰਹੀ ਹੈ। ਉਹ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਰਾਜੇ ਦੀ ਮੌਤ ਨਾਲ ਕਿਸੇ ਦਾ ਕੀ ਫਾਇਦਾ ਹੋ ਸਕਦਾ ਹੈ।’ ਉਨ੍ਹਾਂ ਦੱਸਿਆ ਕਿ ਟੀਮ ਨੇ ਸੋਨਮ ਦੇ ਫਲੈਟ ’ਤੇ ਛਾਪਾ ਮਰਿਆ ਪਰ ਉਹ ਖਾਲੀ ਨਿਕਲਿਆ। ਸੋਨਮ ਮੇਘਾਲਿਆ ਤੋਂ ਭੱਜਣ ਤੋਂ ਬਾਅਦ ਇਸੇ ਫਲੈਟ ਵਿੱਚ ਰੁਕੀ ਸੀ।

ਇਸ ਤੋਂ ਪਹਿਲਾਂ ਸੋਨਮ ਤੇ ਬਾਕੀ ਮੁਲਜ਼ਮਾਂ ਨੂੰ ਸੋਹਰਾ ਲਿਆ ਕੇ ਘਟਨਾ ਦਾ ਦ੍ਰਿਸ਼ ਮੁੜ ਸਿਰਜਿਆ ਗਿਆ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘ਉਨ੍ਹਾਂ ਨੂੰ ਵਾਦੀ ਦੇ ਉੱਪਰ ਪਾਰਕਿੰਗ ਵਿੱਚ ਲਿਜਾਇਆ ਗਿਆ, ਜਿੱਥੇ 2 ਜੂਨ ਨੂੰ ਰਾਜਾ ਦੀ ਲਾਸ਼ ਮਿਲੀ ਸੀ। ਜਾਂਚ ਦੇ ਹਿੱਸੇ ਵਜੋਂ ਮੁਲਜ਼ਮਾਂ ਨੂੰ ਉਨ੍ਹਾਂ ਦੇ ਬਿਆਨਾਂ ਅਨੁਸਾਰ ਰਾਜਾ ਦੇ ਆਖਰੀ ਪਲਾਂ ਨੂੰ ਦਰਸਾਉਂਦਾ ਦ੍ਰਿਸ਼ ਮੁੜ ਸਿਰਜਿਆ ਗਿਆ।’ ਫੋਰੈਂਸਿਕ ਟੀਮ ਵੀ ਮੌਕੇ ’ਤੇ ਪਹੁੰਚੀ ਸੀ। ਡੀਜੀਪੀ ਨੇ ਬੀਤੇ ਦਿਨ ਕਿਹਾ ਸੀ ਕਿ ਸਿਟ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ। ਵਿਆਹ ਦੇ ਕੁਝ ਦਿਨਾਂ ਦੇ ਅੰਦਰ ਹੀ ਆਪਣੇ ਪਤੀ ਪ੍ਰਤੀ ਇੰਨੀ ਜ਼ਿਆਦਾ ਦੁਸ਼ਮਣੀ ਪੈਦਾ ਹੋਣਾ ਅਜੀਬ ਜਿਹੀ ਗੱਲ ਹੈ। ਕਾਫ਼ੀ ਸਬੂਤ ਹਨ ਅਤੇ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।