Global

ਤਹਿਰਾਨ ’ਚੋਂ ਭਾਰਤੀ ਵਿਦਿਆਰਥੀ ਸੁਰੱਖਿਅਤ ਕੱਢੇ: ਵਿਦੇਸ਼ ਮੰਤਰਾਲਾ

ਨਵੀਂ ਦਿੱਲੀ-ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਇਜ਼ਰਾਈਲ ਤੇ ਇਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ ਤਹਿਰਾਨ ’ਚ ਮੌਜੂਦ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਹਰ ਕੱਢ ਲਿਆ ਗਿਆ ਹੈ ਅਤੇ ਉਨ੍ਹਾਂ ’ਚੋਂ 110 ਲੋਕ ਸਰਹੱਦ ਪਾਰ ਕਰਕੇ ਆਰਮੀਨੀਆ ਅੰਦਰ ਦਾਖਲ ਹੋ ਗਏ ਹਨ। ਇਸ ਦਾ ਪੂਰਾ ਪ੍ਰਬੰਧ ਦੂਤਘਰ ਨੇ ਕੀਤਾ ਹੈ।

ਵਿਦੇਸ਼ ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਭਾਰਤੀ ਦੂਤਘਰ ਸਾਰਿਆਂ ਨੂੰ ਸੰਭਵ ਮਦਦ ਮੁਹੱਈਆ ਕਰਨ ਦੇ ਮਕਸਦ ਨਾਲ ਭਾਈਚਾਰੇ ਨਾਲ ਲਗਾਤਾਰ ਸੰਪਰਕ ’ਚ ਹੈ। ਬਿਆਨ ’ਚ ਕਿਹਾ ਗਿਆ ਹੈ, ‘ਤਹਿਰਾਨ ’ਚ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਆ ਕਾਰਨਾਂ ਕਰਕੇ ਬਾਹਰ ਕੱਢ ਲਿਆ ਗਿਆ ਹੈ। ਇਸ ਦਾ ਪ੍ਰਬੰਧ ਦੂਤਘਰ ਨੇ ਕੀਤਾ ਹੈ।’ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸ ਤੋਂ ਇਲਾਵਾ ਕੁਝ ਭਾਰਤੀਆਂ ਨੂੰ ਆਰਮੀਨੀਆ ਦੀ ਸਰਹੱਦ ਰਾਹੀਂ ਇਰਾਨ ਛੱਡਣ ’ਚ ਮਦਦ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਹਾਲਾਤ ਨੂੰ ਦੇਖਦਿਆਂ ਅੱਗੇ ਵੀ ਐਡਵਾਈਜ਼ਰੀ ਜਾਰੀ ਕੀਤੀ ਜਾ ਸਕਦੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਰਾਨ ਤੇ ਇਜ਼ਰਾਈਲ ’ਚ ਜਾਰੀ ਘਟਨਾਕ੍ਰਮ ਦੇ ਮੱਦੇਨਜ਼ਰ ਮੰਤਰਾਲੇ ’ਚ 24×7 ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤਹਿਰਾਨ ’ਚ ਭਾਰਤੀ ਦੂਤਘਰ ਨੇ ਸੰਪਰਕ ਲਈ 24×7 ਐਮਰਜੈਂਸੀ ਹੈਲਪਲਾਈਨ ਸਥਾਪਤ ਕੀਤੀ ਹੈ। ਜੰਮੂ ਕਸ਼ਮੀਰ ਵਿਦਿਆਰਥੀ ਐਸੋਸੀਏਸ਼ਨ ਨੇ ਕਿਹਾ ਕਿ ਉਰਮੀਆ ਮੈਡੀਕਲ ਯੂਨੀਵਰਸਿਟੀ ਦੇ 110 ਭਾਰਤੀ ਵਿਦਿਆਰਥੀ, ਜਿਨ੍ਹਾਂ ’ਚ 90 ਕਸ਼ਮੀਰ ਨਾਲ ਸਬੰਧਤ ਹਨ, ਸੁਰੱਖਿਅਤ ਸਰਹੱਦ ਪਾਰ ਕਰਕੇ ਆਰਮੀਨੀਆ ਪਹੁੰਚ ਗਏ ਹਨ।