ਗਹਿਣੇ ਬਰਾਮਦਗੀ ਦੌਰਾਨ ਚੋਰ ਨੇ ਪੁਲੀਸ ’ਤੇ ਗੋਲੀ ਚਲਾਈ
ਖੰਨਾ-ਇੱਥੇ ਮਿਲਟਰੀ ਗਰਾਊਂਡ ਦੇ ਖੰਡਰਾਂ ਵਿੱਚ ਚੋਰੀ ਦੇ ਗਹਿਣਿਆਂ ਦੀ ਬਰਾਮਦਗੀ ਦੌਰਾਨ ਮੁਲਜ਼ਮ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ ਅਤੇ ਉਸ ਦਾ ਨਿਸ਼ਾਨਾ ਖੁੰਝ ਜਾਣ ਕਾਰਨ ਥਾਣਾ ਸਿਟੀ-2 ਦੇ ਐੱਸਐੱਚਓ ਅਤੇ ਪੁਲੀਸ ਪਾਰਟੀ ਦਾ ਬਚਾਅ ਹੋ ਗਿਆ। ਪੁਲੀਸ ਵੱਲੋਂ ਆਪਣੇ ਬਚਾਅ ਲਈ ਚਲਾਈ ਜਵਾਬੀ ਗੋਲੀ ਚ ਮੁਲਜ਼ਮ ਫੱਟੜ ਹੋ ਗਿਆ ਜਿਸ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਖੰਨਾ ’ਚ ਦਾਖ਼ਲ ਕਰਵਾਇਆ ਗਿਆ। ਮੌਕੇ ਦਾ ਜਾਇਜ਼ਾ ਲੈਣ ਲਈ ਐੱਸਐੱਸਪੀ ਡਾ. ਜੋਤੀ ਯਾਦਵ ਘਟਨਾ ਸਥਾਨ ’ਤੇ ਪੁੱਜੇ। ਪੁਲੀਸ ਅਨੁਸਾਰ ਪਿਛਲੇ ਮਹੀਨੇ ਮੁਲਜ਼ਮ ਅਰੁਣ ਕੁਮਾਰ ਵਾਸੀ ਕਬਜ਼ਾ ਫੈਕਟਰੀ ਰੋਡ ਖੰਨਾ ਨੇ ਕੌਂਸਲਰ ਹਰਦੀਪ ਸਿੰਘ ਨੀਨੂੰ ਦੇ ਗੁਆਂਢੀ ਗੁਰਮੇਲ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਕਲੋਨੀ ਦੇ ਘਰੋਂ ਸੋਨੇ ਦੇ ਗਹਿਣੇ ਚੋਰੀ ਕੀਤੇ ਸਨ, ਜਿਸ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਮਾਂਡ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀ ਕਰ ਕੇ ਸਾਮਾਨ ਅੱਗੇ ਵੇਚਦਾ ਹੈ। ਉਸ ਨੇ ਚੋਰੀ ਕੀਤੇ ਗਹਿਣੇ ਅੱਗੇ ਰੇਖਾ ਵਾਸੀ ਮੰਡੀ ਗੋਬਿੰਦਗੜ੍ਹ ਨੂੰ ਵੇਚ ਕੇ ਨਸ਼ਾ ਖਰੀਦਿਆ ਸੀ ਅਤੇ ਬਾਕੀ ਗਹਿਣੇ ਮਿਲਟਰੀ ਗਰਾਊਂਡ ਵਿੱਚ ਛੁਪਾ ਕੇ ਰੱਖੇ ਹੋਏ ਹਨ। ਇਸ ਮਗਰੋਂ ਪੁਲੀਸ ਅਰੁਣ ਕੁਮਾਰ ਵੱਲੋਂ ਦੱਸੀ ਥਾਂ ਮਿਲਟਰੀ ਗਰਾਊਂਡ ਦੇ ਖੰਡਰਾਂ ’ਚ ਮੁਲਜ਼ਮ ਨਾਲ ਪੁੱਜੀ ਜਦੋਂ ਅਰੁਣ ਦੱਬੇ ਗਹਿਣੇ ਕੱਢ ਰਿਹਾ ਸੀ ਤਾਂ ਉਸ ਨੇ ਇਕ ਲੋਡਿਡ ਦੇਸੀ 32 ਬੋਰ ਪਿਸਤੌਲ ਲੁਕਾਇਆ ਹੋਇਆ ਸੀ। ਇਸ ਨੂੰ ਬਾਹਰ ਕੱਢਣ ਤੋਂ ਬਾਅਦ ਅਰੁਣ ਨੇ ਇਕ ਫਾਇਰ ਪੁਲੀਸ ਪਾਰਟੀ ’ਤੇ ਕੀਤਾ ਜਿਸ ਵਿੱਚ ਐੱਸਐੱਚਓ ਤਰਵਿੰਦਰ ਬੇਦੀ ਵਾਲ ਵਾਲ ਬਚ ਗਈ। ਪੁਲੀਸ ਨੇ ਜਵਾਬੀ ਕਾਰਵਾਈ ਵਿਚ ਗੋਲੀ ਚਲਾਈ ਜੋ ਅਰੁਣ ਦੀ ਸੱਜੀ ਲੱਤ ’ਤੇ ਲੱਗੀ। ਐੱਸਐੱਸਪੀ ਅਨੁਸਾਰ ਮੁਲਜ਼ਮ ਖ਼ਿਲਾਫ਼ ਗੈਰ ਕਾਨੂੰਨੀ ਪਿਸਤੌਲ ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਮਹਿਲਾ ਮੁਲਜ਼ਮ ਰੇਖਾ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।