ਪਠਾਨਕੋਟ-ਜਲੰਧਰ ਹਾਈਵੇਅ ’ਤੇ ਨਸ਼ਾ ਤਸਕਰਾਂ ਦਾ ਪੁਲੀਸ ਨਾਲ ਮੁਕਾਬਲਾ
ਪਠਾਨਕੋਟ-ਪਠਾਨਕੋਟ-ਜਲੰਧਰ ਹਾਈਵੇਅ ’ਤੇ ਬਿਆਸ ਦਰਿਆ ਪੁਲ ਉਪਰ ਲੱਗੇ ਨਾਕੇ ਦੌਰਾਨ ਕਾਰ ਸਵਾਰ ਨਸ਼ਾ ਤਸਕਰਾਂ ਨੇ ਪੁਲੀਸ ਮੁਲਾਜ਼ਮਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਕਾਰ ਵਿੱਚ ਸਵਾਰ ਇਹ ਨਸ਼ਾ ਤਸਕਰ ਪਠਾਨਕੋਟ ਵੱਲ ਆ ਰਹੇ ਹਨ। ਪੁਲੀਸ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਨਸ਼ਾ ਤਸਕਰਾਂ ’ਤੇ ਗੋਲੀਆਂ ਚਲਾਈਆਂ। ਇਸ ਦੌਰਾਨ ਪੁਲੀਸ ਦੀ ਗੋਲੀ ਲੱਗਣ ਨਾਲ ਇੱਕ ਤਸਕਰ ਜ਼ਖਮੀ ਹੋ ਗਿਆ ਅਤੇ ਕਾਰ ਸਵਾਰ ਗੱਡੀ ਭਜਾ ਕੇ ਹਿਮਾਚਲ ਪ੍ਰਦੇਸ਼ ਦੇ ਇੰਦੌਰਾ ਵੱਲ ਲੈ ਗਏ।
ਪੁਲੀਸ ਨੇ ਨਸ਼ਾ ਤਸਕਰਾਂ ਦਾ ਪਿੱਛਾ ਕੀਤਾ। ਨਸ਼ਾ ਤਸਕਰ ਇਦੌਰਾ ਵਿੱਚ ਹਸਪਤਾਲ ਦੇ ਕੋਲ ਜ਼ਖ਼ਮੀ ਸਾਥੀ ਨੂੰ ਲਾਹ ਕੇ ਚਲੇ ਗਏ, ਜਿਸ ਨੂੰ ਪੁਲੀਸ ਨੇ ਹਸਪਤਾਲ ਦਾਖ਼ਲ ਕਰਵਾਇਆ, ਜਿਥੋਂ ਜ਼ਖਮੀ ਨੂੰ ਹਿਮਾਚਲ ਪ੍ਰਦੇਸ਼ ਦੇ ਟਾਂਡਾ ਮੈਡੀਕਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਦੀ ਪਛਾਣ ਰਾਜੀਵ ਕੁਮਾਰ ਅੱਬੀ ਵਾਸੀ ਬਹਿਰਾਮਪੁਰ, ਤਹਿਸੀਲ ਦੀਨਾਨਗਰ ਵਜੋਂ ਹੋਈ ਹੈ। ਕਾਰ ’ਚ ਫਰਾਰ ਹੋਏ ਤਸਕਰਾਂ ਨੂੰ ਵੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਡੀਐੱਸਪੀ ਸਿਟੀ ਸੁਮੀਰ ਸਿੰਘ ਮਾਨ ਨੇ ਦੱਸਿਆ ਕਿ ਚਾਰ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਜ਼ਖਮੀ ਹੋਇਆ ਰਾਜੀਵ ਕੁਮਾਰ ਅੱਬੀ ਮੁੱਖ ਮੁਲਜ਼ਮ ਹੈ, ਬਾਕੀਆਂ ਦੀ ਪਛਾਣ ਸ਼ੈਵੀ ਵਾਸੀ ਟਾਂਡਾ, ਧੀਰਜ ਵਾਸੀ ਕਠੂਆ (ਜੰਮੂ-ਕਸ਼ਮੀਰ) ਹੈਜਦ ਕਿ ਚੌਥਾ ਤਸਕਰ ਇੰਦੌਰਾ ਦਾ ਹੀ ਰਹਿਣ ਵਾਲਾ ਹੈ।