Punjab

ਹਰ ਜ਼ਿਲ੍ਹੇ ’ਚ ਚਾਰ ਤੋਂ ਪੰਜ ਨਿਹੰਗ ਸਿੰਘ ਛਾਉਣੀਆਂ ਜ਼ਰੂਰੀ: ਗੜਗੱਜ

ਹੁਸ਼ਿਆਰਪੁਰ-ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਖਾਲਸਾ ਪੰਥ ਦੀਆਂ ਸ਼ਾਨਾਮਤੀ ਰੀਤਾਂ ਤੇ ਰਵਾਇਤਾਂ ਨੂੰ ਅੱਗੇ ਤੋਰਨ ਲਈ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਚਾਰ-ਪੰਜ ਨਿਹੰਗ ਸਿੰਘ ਛਾਉਣੀਆਂ ਹੋਣੀਆਂ ਜ਼ਰੂਰੀ ਹਨ। ਅਜਿਹਾ ਕਰਕੇ ਹੀ ਗਊ ਗਰੀਬ ਦੀ ਰੱਖਿਆ ਕੀਤੀ ਜਾ ਸਕਦੀ ਹੈ ਅਤੇ ਸਿੱਖ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕੀਤਾ ਜਾ ਸਕਦਾ ਹੈ। ਉਹ ਜ਼ਿਲ੍ਹੇ ਦੇ ਪਿੰਡ ਬਾਗਪੁਰ ਸਤੌਰ ਵਿੱਚ ਛਾਉਣੀ ਨਿਹੰਗ ਸਿੰਘਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਦਾ ਨੀਂਹ ਪੱਥਰ ਰੱਖਣ ਪੁੱਜੇ ਸਨ। ਪਿੰਡ ਬੱਸੀ ਮੁੱਦਾ ਨੇੜੇ ਨਵੇਂ ਬਣਨ ਵਾਲੇ ਇਸ ਧਾਰਮਿਕ ਸਥਾਨ ਤੇ ਛਾਉਣੀ ਨਿਹੰਗ ਸਿੰਘਾਂ ਦੀ ਕਾਰ ਸੇਵਾ ਸ਼੍ੋਮਣੀ ਭਗਤ ਧੰਨਾ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਗੁਰਦੇਵ ਸਿੰਘ ਕਰਵਾ ਰਹੇ ਹਨ। ਇਸ ਮੌਕੇ ਸ੍ਰੀ ਗੜਗੱਜ ਨੇ ਕਿਹਾ ਕਿ ਅਜੋਕੇ ਸਮੇਂ ਅੰਦਰ ਵਧ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਅਤੇ ਸਿੱਖੀ ਤੋਂ ਟੁੱਟਦੇ ਜਾ ਰਹੇ ਭੁੱਲੜ ਵੀਰਾਂ ਨੂੰ ਘਰ ਵਾਪਸ ਮੋੜਨ ਲਈ ਸਿੱਖ ਰਹਿਤ ਮਰਿਆਦਾਵਾਂ ਅਤੇ ਧਰਮ ਦੇ ਪ੍ਰਚਾਰ ਦੀ ਵਧੇਰੇ ਲੋੜ ਹੈ। ਇਸ ਕਾਰਜ ਲਈ ਸਮੂਹ ਪੰਥਕ ਜਥੇਬੰਦੀਆਂ ਨੂੰ ਆਪੋ ਆਪਣੇ ਪੱਧਰ ’ਤੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਇਸ ਅਸਥਾਨ ਲਈ ਜ਼ਮੀਨ ਦੀ ਸੇਵਾ ਕਰਨ ਵਾਲੇ ਨਿਹੰਗ ਸਿੰਘ ਬਾਬਾ ਦਲੀਪ ਸਿੰਘ ਦੇ ਪੁੱਤਰ ਅਜੈਬ ਸਿੰਘ ਅਤੇ ਪੋਤਰੀ ਬੀਬੀ ਇੰਦਰਜੀਤ ਕੌਰ ਦਾ ਸਨਮਾਨ ਕੀਤਾ। ਇਸ ਮੌਕੇ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸ਼੍ਰੋਮਣੀ ਭਗਤ ਧੰਨਾ ਦਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।