National

ਭਾਰਤ-ਪਾਕਿ ਵਿਚਾਲੇ ਗੋਲੀਬੰਦੀ ਜਾਰੀ ਰਹਿਣੀ ਚਾਹੀਦੀ ਹੈ: ਉਮਰ

ਸ੍ਰੀਨਗਰ-ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਅੱਜ ਕਿਹਾ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਗੋਲੀਬੰਦੀ ਜਾਰੀ ਰਹਿਣੀ ਚਾਹੀਦੀ ਹੈ ਕਿਉਂਕਿ ਸਰਹੱਦੀ ਇਲਾਕਿਆਂ ਦੇ ਲੋਕ ਸ਼ਾਂਤੀ ਨਾਲ ਰਹਿਣਾ ਪਸੰਦ ਕਰਦੇ ਹਨ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਚਾਹੁੰਦੇ ਹਾਂ ਕਿ ਗੋਲੀਬੰਦੀ ਬਰਕਰਾਰ ਰਹੇ ਪਰ ਇੱਥੋਂ ਦੂਰ ਨੋਇਡਾ ਤੇ ਬੰਬਈ ’ਚ ਬੈਠੇ ਟੀਵੀ ਚੈਨਲਾਂ ਦੇ ਕੁਝ ਐਂਕਰ ਗੋਲੀਬੰਦੀ ਪਸੰਦ ਨਹੀਂ ਕਰਦੇ।’’

ਅਬਦੁੱਲ੍ਹਾ ਨੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਇਲਾਕੇ ’ਚ ਪੱਤਰਕਾਰਾਂ ਨੂੰ ਕਿਹਾ, ‘‘ਸਰਹੱਦਾਂ ਜਾਂ ਕੰਟਰੋਲ ਰੇਖਾ (ਐੱਲਓਸੀ) ਨੇੜੇ ਰਹਿਣ ਵਾਲੇ ਲੋਕਾਂ ਤੇ ਜਿਨ੍ਹਾਂ ਨੇ ਜੰਮੂ ਤੇ ਸ੍ਰੀਨਗਰ ’ਚ ਹਾਲਾਤ ਦੇਖੇ ਹਨ, ਉਹ ਗੋਲੀਬੰਦੀ ਚਾਹੁੰਦੇ ਹਨ। ਇਹ ਚੰਗੀ ਗੱਲ ਹੈ। ਇਹ ਗੋਲੀਬੰਦੀ ਬਰਕਰਾਰ ਰਹਿਣੀ ਚਾਹੀਦੀ ਹੈ।

ਮੁੱਖ ਮੰਤਰੀ ਅੱਜ ਉੱਤਰੀ ਕਸ਼ਮੀਰ ਦੇ ਗੋਲੀਬਾਰੀ ਨਾਲ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਜ਼ਿਲ੍ਹਾ ਪ੍ਰਸ਼ਾਸਨ ਨੁਕਸਾਨ ਦਾ ਮੁਲਾਂਕਣ ਕਰੇਗਾ ਅਤੇ ਫਿਰ ਜੋ ਮੁਆਵਜ਼ਾ ਦੇਣ ਦੀ ਲੋੜ ਹੋਵੇਗੀ, ਅਸੀ ਉਹ ਉਨ੍ਹਾਂ ਨੂੰ ਦੇਵਾਂਗੇ।’’ ਅਬਦੁੱਲਾ ਨੇ ਕਿਹਾ ਕਿ ਸਰਕਾਰ ਲੋਕਾਂ ਲਈ ਵਿਅਕਤੀਗਤ ਬੰਕਰ (ਮੋਰਚੇ) ਬਣਾਉਣ ਦੀ ਨੀਤੀ ਤਿਆਰ ਕਰੇਗੀ। ਉਨ੍ਹਾਂ ਕਿਹਾ, ‘‘ਕਮਿਊਨਿਟੀ ਬੰਕਰ ਬਣਾਏ ਗਏ ਸਨ ਪਰ ਉਨ੍ਹਾਂ ਦੀ ਲੰਮੇ ਸਮੇਂ ਤੱਕ ਵਰਤੋਂ ਨਹੀਂ ਕੀਤੀ ਗਈ ਸੀ। ਕਈ ਸਾਲਾਂ ਤੋ ਕੋਈ ਨਵਾਂ ਬੰਕਰ ਨਹੀਂ ਬਣਿਆ। ਮੈਂ ਜਿੱਥੇ ਵੀ ਗਿਆ, ਲੋਕਾਂ ਨੇ ਕਿਹਾ ਕਿ ਸਾਨੂੰ ਵਿਅਕਤੀਗਤ ਬੰਕਰ ਬਣਾਉਣੇ ਚਾਹੀਦੇ ਹਨ।’’ ਉਨ੍ਹਾਂ ਕਿਹਾ ਕਿ ਸਰਕਾਰ ਇਸ ਸਬੰਧੀ ਨੀਤੀ ਬਣਾ ਕੇ ਕੇਂਦਰ ਸਰਕਾਰ ਕੋਲ ਪੇਸ਼ ਕਰੇਗੀ। ਉਮਰ ਅਬਦੁੱਲ੍ਹਾ ਨੇ ਗੋਲੀਬਾਰੀ ਕਾਰਨ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ।