ਕਸ਼ਮੀਰ ਭਾਰਤ ਤੇ ਪਾਕਿ ਦਾ ਦੁਵੱਲਾ ਮਾਮਲਾ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ-ਭਾਰਤ ਨੇ ਅੱਜ ਕਿਹਾ ਕਿ ਉਸਦਾ ਲੰਬੇ ਸਮੇਂ ਤੋਂ ਰੁਖ਼ ਇਹੀ ਰਿਹਾ ਹੈ ਕਿ ਕਸ਼ਮੀਰ ਮੁੱਦਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਤੌਰ ’ਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਰੁਖ਼ ਵਿੱਚ ਕੋਈ ਬਦਲਾਅ ਨਹੀਂ ਆਇਆ। ਇਹ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਦੀ ਪੇਸ਼ਕਸ਼ ਦੇ ਪਿਛੋਕੜ ਵਿੱਚ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, ‘‘ਸਾਡਾ ਲੰਬੇ ਸਮੇਂ ਤੋਂ ਰੁਖ਼ ਰਿਹਾ ਹੈ ਕਿ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਨਾਲ ਸਬੰਧਤ ਕੋਈ ਵੀ ਮੁੱਦਾ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੁਵੱਲੇ ਤੌਰ ’ਤੇ ਸੁਲਝਾਉਣਾ ਹੋਵੇਗਾ। ਇਸ ਰੁਖ਼ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ।’’ ਉਨ੍ਹਾਂ ਕਿਹਾ, ‘‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੱਕਲੌਤਾ ਮੁੱਦਾ ਪਾਕਿਸਤਾਨ ਵੱਲੋਂ ਗੈਰ-ਕਾਨੂੰਨੀ ਤੌਰ ’ਤੇ ਕਬਜ਼ਾਏ ਭਾਰਤੀ ਖੇਤਰਾਂ ਨੂੰ ਖਾਲੀ ਕਰਵਾਉਣਾ ਹੈ।’’ ਜੈਸਵਾਲ ਟਰੰਪ ਦੀ ਪੇਸ਼ਕਸ਼ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਭਾਰਤ ਅਤੇ ਪਾਕਿਸਤਾਨ ਦਰਮਿਆਨ ਪ੍ਰਮਾਣੂ ਹਮਲੇ ਬਾਰੇ ਟਰੰਪ ਦੇ ਅੰਦਾਜ਼ਿਆਂ ਸਬੰਧੀ ਜੈਸਵਾਲ ਨੇ ਕਿਹਾ ਕਿ ਫੌਜੀ ਕਾਰਵਾਈ ਪੂਰੀ ਤਰ੍ਹਾਂ ਰਵਾਇਤੀ ਹਥਿਆਰਾਂ ਤੱਕ ਸੀਮਤ ਸੀ। ਜੈਸਵਾਲ ਨੇ ਕਿਹਾ, “ਕੁਝ ਰਿਪੋਰਟਾਂ ਸਨ ਕਿ ਪਾਕਿਸਤਾਨ ਦੀ ਨੈਸ਼ਨਲ ਕਮਾਂਡ ਅਥਾਰਟੀ ਦੀ ਮੀਟਿੰਗ 10 ਮਈ ਨੂੰ ਹੋਵੇਗੀ। ਪਰ ਬਾਅਦ ਵਿੱਚ ਉਨ੍ਹਾਂ ਨੇ ਇਸ ਦਾ ਖੰਡਨ ਕੀਤਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਖੁਦ ਹੀ ਪ੍ਰਮਾਣੂ ਹਮਲੇ ਦੀ ਗੱਲ ਤੋਂ ਇਨਕਾਰ ਕੀਤਾ ਹੈ।’’ਉਨ੍ਹਾਂ ਕਿਹਾ, ‘‘ਭਾਰਤ ਦਾ ਦ੍ਰਿੜ੍ਹ ਰੁਖ਼ ਹੈ ਕਿ ਉਹ ਪ੍ਰਮਾਣੂ ਧਮਕੀ ਅੱਗੇ ਨਹੀਂ ਝੁਕੇਗਾ ਅਤੇ ਨਾ ਹੀ ਇਸ ਦਾ ਹਵਾਲਾ ਦੇ ਕੇ ਸਰਹੱਦ ਪਾਰ ਅਤਿਵਾਦੀ ਗਤੀਵਿਧੀਆਂ ਦੀ ਇਜਾਜ਼ਤ ਦੇਵੇਗਾ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਸਿੰਧੂ ਜਲ ਸੰਧੀ ਨੂੰ ਉਦੋਂ ਤੱਕ ਮੁਅੱਤਲ ਰੱਖੇਗਾ ਜਦੋਂ ਤੱਕ ਪਾਕਿਸਤਾਨ ਸਰਹੱਦ ਪਾਰ ਅਤਿਵਾਦ ਦਾ ਸਮਰਥਨ ਕਰਨਾ ਬੰਦ ਨਹੀਂ ਕਰ ਦਿੰਦਾ। ਉਨ੍ਹਾਂ ਕਿਹਾ ਕਿ ਭਾਰਤ ਨੇ ਅਤਿਵਾਦੀ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦਿੱਤਾ, ਜੋ ਨਾ ਸਿਰਫ਼ ਭਾਰਤੀਆਂ, ਸਗੋਂ ਦੁਨੀਆ ਦੇ ਹੋਰ ਬਹੁਤ ਸਾਰੇ ਬੇਗੁਨਾਹ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਸੀ।