ਵਾਧੂ ਪਾਣੀ ਦਾ ਮਾਮਲਾ: ਭਾਜਪਾ ਖ਼ਿਲਾਫ਼ ਪੰਜਾਬ ’ਚ ਪ੍ਰਦਰਸ਼ਨ
ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ ਅਤੇ ਵਰਕਰਾਂ ਨੇ ਬੀਬੀਐੱਮਬੀ ਦੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫ਼ੈਸਲੇ ਖ਼ਿਲਾਫ਼ ਕੇਂਦਰ ਸਰਕਾਰ ਖ਼ਿਲਾਫ਼ ਸਮੁੱਚੇ ਪੰਜਾਬ ’ਚ ਵਿਰੋਧ ਪ੍ਰਦਰਸ਼ਨ ਕੀਤੇ। ਭਾਜਪਾ ਖ਼ਿਲਾਫ਼ ਅੱਜ ਸਾਰੇ ਜ਼ਿਲ੍ਹਿਆਂ ਵਿੱਚ ‘ਆਪ’ ਦੀ ਗੂੰਜ ਪਈ। ਲੁਧਿਆਣਾ ਵਿੱਚ ਭਾਜਪਾ ਅਤੇ ‘ਆਪ’ ਵਰਕਰਾਂ ਵਿੱਚ ਤਲਖ਼ੀ ਵੀ ਹੋਈ। ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਸੀਨੀਅਰ ਪਾਰਟੀ ਆਗੂਆਂ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਅਤੇ ਪੰਜਾਬੀਆਂ ਨੂੰ ਇਸ ਗੈਰ-ਸੰਵਿਧਾਨਕ ਕਦਮ ਦਾ ਵਿਰੋਧ ਕਰਨ ਅਤੇ ਇਕਜੁੱਟ ਹੋਣ ਦੀ ਅਪੀਲ ਕੀਤੀ।
‘ਆਪ’ ਆਗੂਆਂ ਨੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੰਜਾਬ ਭਰ ਵਿੱਚ ਕਈ ਥਾਵਾਂ ’ਤੇ ਭਾਜਪਾ ਆਗੂਆਂ ਦੇ ਪੁਤਲੇ ਫੂਕੇ। ਅੰਮ੍ਰਿਤਸਰ ’ਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਮੰਤਰੀ ਹਰਭਜਨ ਸਿੰਘ ਈਟੀਓ ਆਦਿ ਸਮੇਤ ਆਗੂਆਂ ਨੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਦੋਂ ਕਿ ਪਠਾਨਕੋਟ ਵਿੱਚ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਵਿੱਚ ਭਾਜਪਾ ਆਗੂ ਅਸ਼ਵਨੀ ਸ਼ਰਮਾ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।
ਲੁਧਿਆਣਾ ਵਿਚ ‘ਆਪ’ ਵਿਧਾਇਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਜਦੋਂ ਕਿ ਪਟਿਆਲਾ ਵਿਚ ‘ਆਪ’ ਆਗੂਆਂ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਦੇ ਬਾਹਰ ਰੋਸ ਪ੍ਰਗਟਾਇਆ।
ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਵਿਧਾਇਕਾਂ ਨੇ ਰੋਪੜ ਦੇ ਬੇਲਾ ਚੌਂਕ ’ਚ ਪ੍ਰਦਰਸ਼ਨ ਕੀਤਾ। ਮੰਤਰੀ ਲਾਲਜੀਤ ਭੁੱਲਰ ਤੇ ਆਗੂਆਂ ਨੇ ਪੱਟੀ ’ਚ ਅਤੇ ਮੰਤਰੀ ਡਾ. ਰਵੀਜੋਤ ਤੇ ਆਗੂਆਂ ਨੇ ਸ਼ਾਮ ਚੁਰਾਸੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕੇ। ‘ਆਪ’ ਆਗੂਆਂ ਨੇ ਪੰਜਾਬ ਦੇ ਪਾਣੀਆਂ ਦੇ ਹੱਕਾਂ ਦੀ ਰਾਖੀ ਲਈ ਸਾਰੇ ਪੰਜਾਬੀਆਂ ਨੂੰ ਇਸ ਗੈਰ-ਸੰਵਿਧਾਨਕ ਅਤੇ ਬੇਇਨਸਾਫ਼ੀ ਵਾਲੇ ਫ਼ੈਸਲੇ ਵਿਰੁੱਧ ਲੜਾਈ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਪਾਰਟੀ ਨੇ ਕਾਨੂੰਨੀ ਅਤੇ ਜਨਤਕ ਲਾਮਬੰਦੀ ਸਮੇਤ ਸਾਰੇ ਮੋਰਚਿਆਂ ’ਤੇ ਆਪਣਾ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।