Punjab

ਕੋਆਪ੍ਰੇਟਿਵ ਬੈਂਕ ਕਰਮਚਾਰੀ ਫੈਡਰੇਸ਼ਨ ਪੰਜਾਬ ਵੱਲੋਂ ਗੇਟ ਰੈਲੀ

ਚੰਡੀਗੜ੍ਹ-ਕੋਆਪ੍ਰੇਟਿਵ ਬੈਂਕ ਕਰਮਚਾਰੀ ਫੈਡਰੇਸ਼ਨ ਪੰਜਾਬ ਵੱਲੋਂ ਅੱਜ ਇੱਥੇ ਰਜਿਸਟਰਾਰ, ਸਹਿਕਾਰੀ ਸਭਾਵਾਂ ਪੰਜਾਬ ਦੇ ਸੈਕਟਰ-17 ਸਥਿਤ ਦਫ਼ਤਰ ਸਾਹਮਣੇ ਗੇਟ ਰੈਲੀ ਕੀਤੀ ਗਈ। ਇਸ ਵਿੱਚ 20 ਜ਼ਿਲ੍ਹਿਆਂ ਦੇ ਕੇਂਦਰੀ ਸਹਿਕਾਰੀ ਬੈਂਕਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਜਦੋਂ ਫੈਡਰੇਸ਼ਨ ਪ੍ਰਤੀਨਿਧੀ ਆਰਸੀਐੱਸ ਦਫ਼ਤਰ ਪਹੁੰਚੇ ਤਾਂ ਸਬੰਧਤ ਅਫਸਰ ਚੁੱਪ-ਚੁਪੀਤੇ ਆਪਣੇ ਦਫ਼ਤਰ ਤੋਂ ਖਿਸਕ ਗਏ। ਇਸ ਦੌਰਾਨ ਫੈਡਰੇਸ਼ਨ ਆਗੂਆਂ ਨੇ ਨਾਅਰੇਬਾਜ਼ੀ ਕਰਦਿਆਂ ਮੰਗਾਂ ਪੂਰੀਆਂ ਕਰਨ ਦੀ ਗੱਲ ਰੱਖੀ।

ਫੈਡਰੇਸ਼ਨ ਆਗੂਆਂ ਵਿੱਚ ਪੰਜਾਬ ਸਟੇਟ ਕੋਆਪ੍ਰੇਟਿਵ ਬੈਂਕ ਚੰਡੀਗੜ੍ਹ ਤੋਂ ਬਲਵਿੰਦਰ ਸਿੰਘ ਪ੍ਰਧਾਨ, ਸਤੀਸ਼ ਸਿੰਗਲਾ, ਜਨਰਲ ਸਕੱਤਰ ਅਤੇ ਸਰਪ੍ਰਸਤ ਰਾਜਵੀਰ ਸਿੰਘ ਭੰਗੂ ਨੇ ਮੰਗਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਨੇਜਰ ਵਜੋਂ ਤਰੱਕੀ ਲਈ ਲਗਪਗ 140 ਸਹਾਇਕ ਮੈਨੇਜਰਾਂ ਦੀਆਂ ਤਰੱਕੀਆਂ ਨੂੰ ਪਿਛਲੇ ਚਾਰ ਮਹੀਨਿਆਂ ਤੋਂ ਲਟਕਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੈਂਕ ਦੀ ਰਿਕਵਰੀ ਦੇਣ ਵਿੱਚ ਦਿੱਕਤਾਂ ਆ ਰਹੀਆਂ ਹਨ। ਸਹਿਕਾਰਤਾ ਮਹਿਕਮਾ ਖੁਦ ਮੁੱਖ ਮੰਤਰੀ ਕੋਲ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੀ ਪ੍ਰੇਸ਼ਾਨੀ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ। ਫੈਡਰੇਸ਼ਨ ਦੇ ਪ੍ਰਧਾਨ ਨਿਤਿਨ ਕੱਕੜ, ਫਿਰੋਜ਼ਪੁਰ ਨੇ ਦੱਸਿਆ ਕਿ ਜੇ ਸਹਾਇਕ ਮੈਨੇਜਰਾਂ ਦੀਆਂ ਤਰੱਕੀਆਂ ਨਹੀਂ ਕੀਤੀਆਂ ਜਾਂਦੀਆਂ ਅਤੇ ਆਰਸੀਐੱਸ ਫੀਲਡ ਸਟਾਫ ਰਾਹੀਂ ਕੇਸੀਸੀ ਨੀਤੀ ਲਾਗੂ ਨਹੀਂ ਕੀਤੀ ਜਾਂਦੀ, ਤਾਂ ਫੈਡਰੇਸ਼ਨ ਵੱਲੋਂ ਮਜ਼ਬੂਤ ਕਾਰਜ ਯੋਜਨਾ ਬਣਾਈ ਜਾਵੇਗੀ।