ਪੰਜਾਬ ਤੇ ਹਰਿਆਣਾ ’ਚ ਗਰਮੀ ਵਧੀ
ਚੰਡੀਗੜ੍ਹ-ਪੰਜਾਬ ਤੇ ਹਰਿਆਣਾ ਵਿੱਚ ਪਿਛਲੇ ਇਕ ਹਫ਼ਤੇ ਤੋਂ ਚੱਲ ਰਹੇ ਖਰਾਬ ਮੌਸਮ ਤੋਂ ਬਾਅਦ ਅੱਜ ਮੌਸਮ ਸਾਫ਼ ਹੋ ਗਿਆ ਹੈ। ਅੱਜ ਸਵੇਰੇ ਤੋਂ ਹੀ ਦੋਵਾਂ ਸੂਬਿਆਂ ਵਿੱਚ ਚੰਗੀ ਧੁੱਪ ਖਿੜੀ ਜਿਸ ਨੇ ਲੋਕਾਂ ਦੇ ਪਸੀਨੇ ਛੁਟਾ ਦਿੱਤੇ ਪਰ ਮੌਸਮ ਸਾਫ ਹੋਣ ਦੇ ਨਾਲ ਹੀ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ। ਅੱਜ ਪੰਜਾਬ ਦਾ ਫਰੀਦਕੋਟ ਅਤੇ ਹਰਿਆਣਾ ਦਾ ਪਲਵਲ ਸਭ ਤੋਂ ਗਰਮ ਰਹੇ ਜਿੱਥੇ ਤਾਪਮਾਨ 42 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਮੌਸਮ ਵਿਭਾਗ ਵੱਲੋਂ ਵੀ ਪੂਰਾ ਹਫ਼ਤਾ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ 24, 25 ਤੇ 26 ਅਪਰੈਲ ਨੂੰ ਅਤਿ ਦੀ ਗਰਮੀ ਪੈਣ ਸਬੰਧੀ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਚੁੱਕੀ ਹੈ, ਜਿਸ ਦੀ ਖੇਤਾਂ ਵਿੱਚ ਵਾਢੀ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸੇ ਦੌਰਾਨ ਪਿਛਲੇ ਇਕ ਹਫ਼ਤੇ ਤੋਂ ਸੂਬੇ ਵਿੱਚ ਰੁਕ-ਰੁਕ ਕੇ ਮੀਂਹ ਪਿਆ ਤੇ ਇਸ ਤੋਂ ਬਾਅਦ ਝੱਖੜ ਤੇ ਗੜੇਮਾਰੀ ਹੋਈ ਜਿਸ ਕਰਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 38.7 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 37.9 ਡਿਗਰੀ ਸੈਲਸੀਅਸ, ਲੁਧਿਆਣਾ ਵਿੱਚ 39 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 39.5 ਡਿਗਰੀ ਸੈਲਸੀਅਸ, ਪਠਾਨਕੋਟ ਵਿੱਚ 38.2 ਡਿਗਰੀ ਸੈਲਸੀਅਸ, ਬਠਿੰਡਾ ਏਅਰਪੋਰਟ ’ਤੇ 41.7 ਡਿਗਰੀ ਸੈਲਸੀਅਸ, ਬਠਿੰਡਾ ਸ਼ਹਿਰ ਵਿੱਚ 40 ਡਿਗਰੀ ਸੈਲਸੀਅਸ, ਗੁਰਦਾਸਪੁਰ ਵਿੱਚ 38 ਡਿਗਰੀ ਸੈਲਸੀਅਸ, ਨਵਾਂ ਸ਼ਹਿਰ ਵਿੱਚ 37 ਡਿਗਰੀ ਸੈਲਸੀਅਸ, ਫਤਹਿਗੜ੍ਹ ਸਾਹਿਬ ਵਿੱਚ 38 ਡਿਗਰੀ ਸੈਲਸੀਅਸ, ਫਿਰੋਜ਼ਪੁਰ ਵਿੱਚ 37.1 ਡਿਗਰੀ ਸੈਲਸੀਅਸ, ਮੋਗਾ ਵਿੱਚ 36.9 ਡਿਗਰੀ ਸੈਲਸੀਅਸ, ਰੂਪਨਗਰ ਵਿੱਚ 37.3 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਵਿੱਚ 36.1 ਡਿਗਰੀ ਸੈਲਸੀਅਸ ਅਤੇ ਮੁਹਾਲੀ ਵਿੱਚ 37.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਹੈ। ਇਹ ਆਮ ਨਾਲੋਂ 3 ਤੋਂ 4 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਹੈ।