ਨਸ਼ਿਆਂ ਖ਼ਿਲਾਫ਼ ਲੜਾਈ ’ਚ ਫ਼ਰੀਦਕੋਟ ਮੋਹਰੀ: ਡੀਜੀਪੀ
ਫ਼ਰੀਦਕੋਟ-ਪੰਜਾਬ ਦੇ ਡੀਜੀਪੀ ਪੁਲੀਸ ਗੌਰਵ ਯਾਦਵ ਨੇ ਅੱਜ ਇਥੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਚਲਾਈ ਗਈ ਮੁਹਿੰਮ ਵਿੱਚ ਫ਼ਰੀਦਕੋਟ ਜ਼ਿਲ੍ਹਾ ਪੰਜਾਬ ਭਰ ਵਿੱਚੋਂ ਅੱਵਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਨੇ ਜਿੱਥੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਉੱਥੇ ਹੀ ਨਸ਼ੇ ਤੋਂ ਪੀੜਤ ਨੌਜਵਾਨਾਂ ਨੂੰ ਮੁੜ ਵਸੇਬਾ ਕੇਂਦਰਾਂ ਵਿੱਚ ਭਰਤੀ ਕਰਵਾਇਆ ਹੈ ਅਤੇ ਜ਼ਿਲ੍ਹੇ ਵਿੱਚ ਛੇ ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ ਬੰਦ ਕੀਤੇ ਹਨ ਅਤੇ ਨਸ਼ਾ ਤਸਕਰਾਂ ਦੀ ਪੰਜ ਕਰੋੜ ਰੁਪਏ ਦੀ ਜਾਇਦਾਦ ਕੁਰਕ ਕਰਕੇ 2 ਕਰੋੜ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਡੀਜੀਪੀ ਨੇ ਜ਼ਿਲ੍ਹੇ ਦੇ ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਨਗ਼ਦ ਇਨਾਮ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ ਜਿਨ੍ਹਾਂ ਨੇ ਨਸ਼ਿਆਂ ਖਿਲਾਫ ਸ਼ਲਾਘਾਯੋਗ ਲੜਾਈ ਲੜੀ। ਇਸ ਮੌਕੇ ਉਨ੍ਹਾਂ ਪੁਲੀਸ ਲਾਈਨ ਵਿੱਚ ਖੋਲ੍ਹੇ ਗਏ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਦਾ ਉਦਘਾਟਨ ਕੀਤਾ ਅਤੇ ਇਸ ਦੇ ਨਾਲ ਹੀ ਪੁਲੀਸ ਲਾਈਨ ਵਿੱਚ ਬਣਾਈਆਂ ਗਈਆਂ ਦੋ ਹੋਰ ਨਵੀਆਂ ਇਮਾਰਤਾਂ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਪੁਲੀਸ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਪੰਜਾਬ ਸਰਕਾਰ ਅਤੇ ਕੇਂਦਰੀ ਏਜੰਸੀਆਂ ਮਿਲ ਕੇ ਕੰਮ ਕਰ ਰਹੀਆਂ ਹਨ। ਇਸ ਮੌਕੇ ਮੁਕਤਸਰ, ਮੋਗਾ ਅਤੇ ਫਰੀਦਕੋਟ ਦੇ ਐਸਐਸਪੀਜ਼ ਤੋਂ ਇਲਾਵਾ ਡੀਆਈਜੀ ਅਸ਼ਵਨੀ ਕਪੂਰ ਅਤੇ 100 ਤੋਂ ਵੱਧ ਤੋਂ ਵੱਧ ਉੱਚ ਪੁਲੀਸ ਅਧਿਕਾਰੀ ਮੀਟਿੰਗ ਵਿੱਚ ਮੌਜੂਦ ਸਨ।